“Truth Never Hides and Principles Never Sell: Manpreet Singh Iyali”
“ਸੱਚ ਕਦੇ ਛੁਪਦਾ ਨਹੀਂ ਤੇ ਸਿਧਾਂਤ ਕਦੇ ਵਿਕਦੇ ਨਹੀਂ: ਮਨਪ੍ਰੀਤ ਸਿੰਘ ਇਆਲੀ”

4 ਅਪ੍ਰੈਲ 2026 ਚੰਡੀਗੜ੍ਹ – ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ ਰਾਜਨੀਤੀ ਵਿੱਚ ਇਲਜ਼ਾਮ ਲਗਾਉਣਾ ਆਸਾਨ ਹੁੰਦਾ ਹੈ, ਪਰ ਸੱਚ ਦੀ ਰਾਹ ‘ਤੇ ਅਡੋਲ ਖੜ੍ਹਨਾ ਸਭ ਤੋਂ ਔਖਾ ਕੰਮ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਸੱਚ ਅਤੇ ਸਿਧਾਂਤਾਂ ਦੀ ਰਾਹ ‘ਤੇ ਚੱਲਦੇ ਰਹਿਣਗੇ ਅਤੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਅਤੇ ਅੱਜ ਫਿਰ ਦੁਹਰਾਉਂਦੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਥ ਦੀ ਭਲਾਈ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਰਸੁਆਰਥ ਤੌਰ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਕਿਸੇ ਅਹੁਦੇ ਜਾਂ ਕੁਰਸੀ ਦੀ ਪ੍ਰਾਪਤੀ ਨਹੀਂ, ਬਲਕਿ ਕੌਮ ਦੀਆਂ ਮਹਾਨ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨਾ ਹੈ।
ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜਦੋਂ ਵੀ ਪੰਥਕ ਸੰਸਥਾਵਾਂ ਅਤੇ ਪਾਰਟੀ ਵਿੱਚ ਸੁਧਾਰ ਦੀ ਗੱਲ ਕੀਤੀ ਜਾਂਦੀ ਹੈ, ਤਾਂ ਸਿਸਟਮ ‘ਤੇ ਕਾਬਜ਼ ਧਿਰਾਂ ਵੱਲੋਂ ਚਿੱਕੜ ਉਛਾਲ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਤਰੀਕੇ ਸੱਚ ਨੂੰ ਲੰਮੇ ਸਮੇਂ ਲਈ ਰੋਕ ਨਹੀਂ ਸਕਦੇ।
ਉਨ੍ਹਾਂ ਹੋਰ ਕਿਹਾ ਕਿ ਸੱਚ ਦੇ ਰਸਤੇ ‘ਤੇ ਚੱਲਦਿਆਂ ਕਈ ਵਾਰ ਆਪਣੇ ਵੀ ਸਾਥ ਛੱਡ ਜਾਂਦੇ ਹਨ, ਪਰ ਉਨ੍ਹਾਂ ਦਾ ਇਰਾਦਾ ਚੱਟਾਨ ਵਾਂਗ ਮਜ਼ਬੂਤ ਹੈ। “ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੌਣ ਸਾਡੇ ਨਾਲ ਖੜ੍ਹਦਾ ਹੈ ਜਾਂ ਨਹੀਂ, ਅਸੀਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਆਖਰੀ ਦਮ ਤੱਕ ਡਟੇ ਰਹਾਂਗੇ,” ਉਨ੍ਹਾਂ ਦ੍ਰਿੜਤਾ ਨਾਲ ਕਿਹਾ।
