Mansa: Mother takes horrific step of pushing 2 boys into water tank, 3 lives lost
ਮਾਨਸਾ : 2 ਜਵਾਕਾਂ ਨੂੰ ਪਾਣੀ ਵਾਲੀ ਟੈਂਕੀ ‘ਚ ਧੱਕਾ ਦੇ ਮਾਂ ਨੇ ਚੁੱਕਿਆ ਖੌਫਨਾਕ ਕਦਮ, ਗਈਆਂ 3 ਜਾਨਾਂ
ਮਾਨਸਾ (ਆਵਾਜ਼ਿ ਕੌਮ ਬਿਊਰੋ)-ਪਿੰਡ ਭੰਮੇ ਖੁਰਦ ਦੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਚ ਆਪਣੇ ਦੋ ਬੱਚਿਆਂ ਸਮੇਤ ਇਕ ਪ੍ਰਵਾਸੀ ਔਰਤ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਬੱਚਿਆਂ ਸਣੇ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ, ਇਸ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਰਾਜਸਥਾਨ ਤੋਂ ਆ ਕੇ ਭੰਮੇ ਖੁਰਦ ਵਿਖੇ ਗਊਆਂ ਦਾ ਧੰਦਾ ਕਰਦਾ ਸੀ। ਮਿਲੇ ਵੇਰਵਿਆਂ ਅਨੁਸਾਰ ਪਿੰਡ ਭੰਮੇ ਖੁਰਦ ਵਿਖੇ ਸੋਮਵਾਰ ਬਾਅਦ ਦੁਪਹਿਰ ਪ੍ਰਵਾਸੀ ਔਰਤ ਸੰਤਰਾ ਦੇਵੀ (37) ਪਤਨੀ ਦਲੀਪ ਕੁਮਾਰ, ਆਪਣੀ ਲੜਕੀ ਸੁਨੀਲ (9), ਪੁੱਤਰ ਅਜੈ (7) ਅਤੇ ਇਕ ਹੋਰ ਬੱਚੇ ਨੂੰ ਲੈ ਕੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਕੋਲ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੰਤਰਾ ਦੇਵੀ ਨੇ ਆਪਣੀ ਲੜਕੀ ਸੁਨੀਲ ਅਤੇ ਪੁੱਤਰ ਅਜੈ ਨੂੰ ਟੈਂਕੀ ’ਚ ਧੱਕਾ ਮਾਰਿਆ, ਜਦੋਂ ਤੀਜੇ ਪੁੱਤਰ ਦੀ ਬਾਂਹ ਫੜ ਕੇ ਉਸ ਨੂੰ ਟੈਂਕੀ ’ਚ ਸੁੱਟਣ ਲੱਗੀ ਤਾਂ ਉਹ ਬਾਂਹ ਛੁਡਵਾ ਕੇ ਉਥੋਂ ਭੱਜ ਨਿਕਲਿਆ। ਉਸ ਨੇ ਪਰਿਵਾਰ ਨੂੰ ਜਾ ਕੇ ਦੱਸਿਆ। ਜਦੋਂ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ’ਚੋਂ ਬਾਹਰ ਕੱਢਿਆ ਤਾਂ ਸੰਤਰਾ ਦੇਵੀ ਅਤੇ ਉਸ ਦੇ ਦੋਵਾਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ ਹੈ। ਮੌਕੇ ’ਤੇ ਥਾਣਾ ਝੁਨੀਰ ਦੀ ਪੁਲਸ ਟੀਮ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਝੁਨੀਰ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

