2 ਜੂਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ‘ਤੇ ਹੁੰਮ-ਹੁਮਾ ਕੇ ਪਿੰਡ ਰੋਡੇ ਪੁੱਜਣ ਦਾ ਐਲਾਨ

ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਬੂਟਾ ਸਿੰਘ ਦੀ ਬਰਸੀ ਮੌਕੇ ਭਾਰੀ ਇਕੱਠ
ਗੁਰਦਾਸਪੁਰ (30 ਮਈ, 2025):ਅੱਜ ਸਥਾਨਕ ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲਿਆਂ ਵੱਲੋਂ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਬੂਟਾ ਸਿੰਘ ਦੀ 16ਵਾਂ ਬਰਸੀ ਸਮਾਗਮ ਅਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਬੜੇ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਸ ਗਾਇਨ ਕੀਤਾ ਅਤੇ ਉਨ੍ਹਾਂ ਨਾਲ ਸਬੰਧਿਤ ਸ਼ਹੀਦੀ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਮੌਕੇ ਸਿੰਘ ਸਾਹਿਬ ਨੇ ਪਿੰਡ ਰੋਡੇ ਵਿਖੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 2 ਜੂਨ ਦਿਨ ਸੋਮਵਾਰ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ ਸਬੰਧੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਸੰਤ ਮਹਾਤਮਾਵਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਹੁੰਮ-ਹੁਮਾ ਕੇ ਪੁੱਜਣ ਦੀ ਅਪੀਲ ਕੀਤੀ।

ਇਸ ਮੌਕੇ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲਿਆਂ ਨੇ ਐਲਾਨ ਕੀਤਾ ਕਿ ਉਹ 50 ਤੋਂ ਵਧੇਰੇ ਬੱਸਾਂ ਸੰਗਤਾਂ ਨਾਲ ਲੈ ਕੇ ਪਿੰਡ ਰੋਡੇ ਵਿਖੇ ਸਮਾਗਮ ਵਿੱਚ ਪੁੱਜਣੀਆਂ। ਇਸ ਮੌਕੇ ਸੰਗਤਾਂ ਨੇ ਜੈਕਾਰਿਆਂ ਨਾਲ ਇਸ ਐਲਾਨ ਦਾ ਸਵਾਗਤ ਕੀਤਾ।

ਇਸ ਮੌਕੇ ਸਮਾਗਮ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਚਕਰ, ਬਾਬਾ ਸਤਨਾਮ ਸਿੰਘ ਵੱਲੀਆਂ ਪ੍ਰਧਾਨ ਧਾਰਮਿਕ ਵਿੰਗ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਸਵਰਨਜੀਤ ਸਿੰਘ ਨਿਹੰਗ ਸਿੰਘ, ਇੰਟਰਨੈਸ਼ਨਲ ਪੰਥਕ ਦਲ ਸਲਾਹਕਾਰ ਜਥੇਦਾਰ ਸੱਜਣ ਸਿੰਘ, ਜਥੇਦਾਰ ਦਾਇਆ ਸਿੰਘ, ਜਥੇਦਾਰ ਸਤਨਾਮ ਸਿੰਘ, ਜਥੇਦਾਰ ਗੁਰਭੇਜ ਸਿੰਘ, ਜਥੇਦਾਰ ਰਜਿੰਦਰ ਸਿੰਘ ਰਾਜਾ, ਜਥੇਦਾਰ ਬਾਬਾ ਮਨਪ੍ਰੀਤ ਸਿੰਘ ਨਿਹੰਗ ਸਿੰਘ ਜਥੇਬੰਦੀ, ਜਥੇਦਾਰ ਹਰਕ੍ਰਿਸ਼ਨ ਸਿੰਘ ਜਗਰਾਵਾਂ, ਜਥੇਦਾਰ ਦਲੀਪ ਸਿੰਘ ਡੱਲਾ ਜਗਰਾਵਾਂ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਬਾਬਾ ਬਲਵਿੰਦਰ ਸਿੰਘ ਢਿੱਗ ਨੰਗਲ, ਜਥੇਦਾਰ ਬਾਬਾ ਹਰੀ ਸਿੰਘ ਬਾਬੇ ਬਕਾਲੇ ਵਾਲੇ ਤੇ ਹੋਰ ਬਹੁਤ ਸਾਰੀਆਂ ਦੂਰੋਂ-ਨੇੜਿਉ ਆਈਆਂ ਸੰਗਤਾਂ ਹਾਜ਼ਰ ਸਨ। ਉਕਤ ਜਾਣਕਾਰੀ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਦਿੱਤੀ ਗਈ।