Massive Protest Announced on Feb 21 for Bandi Singhs’ Release
ਬੰਦੀ ਸਿੰਘਾਂ ਦੀ ਰਿਹਾਈ ਲਈ 21 ਫਰਵਰੀ ਨੂੰ ਵੱਡੇ ਰੋਸ ਦਾ ਐਲਾਨ

5 ਫਰਵਰੀ 2026, ਹਵਾਰਾ ਕਲਾਂ – ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਦੀ ਮਾਤਾ ਦੀ ਸਿਹਤਯਾਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਕੌਮੀ ਇਨਸਾਫ ਮੋਰਚੇ ਦੀ ਟੀਮ, ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਪੰਥਕ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਪੁੱਜੇ ਹੋਏ ਸਨ। ਭੋਗ ਉਪਰੰਤ ਮੀਟਿੰਗ ਵਿੱਚ ਪੰਜਾਬ ਦੀ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ ਅਤੇ ਰੋਸ ਪ੍ਰਗਟਾਇਆ ਗਿਆ ਕਿ ਪੰਜਾਬ ਅਤੇ ਸਿੱਖਾਂ ਲਈ ਸੰਵਿਧਾਨ, ਕਾਨੂੰਨ ਅਤੇ ਇਨਸਾਫ਼ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਸਮੂਹ ਨੁਮਾਇੰਦਿਆਂ ਨੇ ਫੈਸਲਾ ਕੀਤਾ ਕਿ ਇਨਸਾਫ਼ ਦੀ ਪ੍ਰਾਪਤੀ ਲਈ ਚੰਡੀਗੜ੍ਹ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਦੀ ਸਲਾਹ ਨਾਲ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਧਿਰਾਂ ਦੇ ਆਗੂ ਅਤੇ ਵਰਕਰਾਂ, ਵਿਸ਼ੇਸ਼ ਤੌਰ ‘ਤੇ ਇਲਾਕੇ ਦੀਆਂ ਸੰਗਤਾਂ ਦੇ ਰੋਸ ਨੂੰ ਇਕੱਠਾ ਕਰਕੇ 21 ਫਰਵਰੀ ਨੂੰ ਪਿੰਡ ਹਵਾਰਾ ਕਲਾਂ ਵਿੱਚ ਵੱਡਾ ਪ੍ਰੋਗਰਾਮ ਰੱਖਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਅਗਲੇ ਫੈਸਲੇ ਲਈ “ਕਰੋ ਜਾਂ ਮਰੋ” ਨੀਤੀ ਅਪਣਾਉਣ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਡਿਊਟੀਆਂ ਲਗਾਈਆਂ ਗਈਆਂ। ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪੰਜਾਬ ਨੇ ਕਦੇ ਵੀ ਜਾਬਰ ਨੂੰ ਨਹੀਂ ਮੰਨਿਆ ਅਤੇ ਹਰ ਜਾਬਰ ਨੂੰ ਝੁਕਾਇਆ ਹੈ।
