Missile attack on Saudi Arabia! Country’s tallest building damaged
ਸਾਊਦੀ ‘ਤੇ ਹੋ ਗਿਆ ਮਿਜ਼ਾਈਲ ਹਮਲਾ ! ਨੁਕਸਾਨੀ ਗਈ ਦੇਸ਼ ਦੀ ਸਭ ਤੋਂ ਉੱਚੀ ਬਿਲਡਿੰਗ
ਲੰਡਨ (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ’ਚ ਵਧਦੇ ਤਣਾਅ ਦੌਰਾਨ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ’ਤੇ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ’ਚ ਰਾਜਧਾਨੀ ਰਿਆਦ ਸਥਿਤ ਦੇਸ਼ ਦੀ ਸਭ ਤੋਂ ਉੱਚੀ ਇਮਾਰਤ ‘ਪਬਲਿਕ ਇਨਵੈਸਟਮੈਂਟ ਫੰਡ ਟਾਵਰ’ ਨੂੰ ਨੁਕਸਾਨ ਪਹੁੰਚਿਆ ਹੈ। ਕਿੰਗ ਅਬਦੁੱਲਾ ਫਾਈਨਾਂਸ਼ੀਅਲ ਡਿਸਟ੍ਰਿਕਟ ’ਚ ਸਥਿਤ ਇਸ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਬਾਹਰੀ ਢਾਂਚਾ ਨੁਕਸਾਨਿਆ ਗਿਆ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ਤੋਂ ਬਾਅਦ ਇਲਾਕੇ ’ਚ ਐਮਰਜੈਂਸੀ ਸੇਵਾਵਾਂ ਤਾਇਨਾਤ ਕੀਤੀਆਂ ਗਈਆਂ ਅਤੇ ਵਿੱਤੀ ਕੇਂਦਰ ’ਚ ਆਮ ਲੋਕਾਂ ਦੇ ਦਾਖ਼ਲੇ ’ਤੇ ਰੋਕ ਲਗਾਈ ਗਈ। ਇਸੇ ਦੌਰਾਨ ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ-ਮਲਕੀ ਨੇ ਦੱਸਿਆ ਕਿ ਹੂਤੀ ਬਾਗ਼ੀਆਂ ਵੱਲੋਂ ਦਾਗੀ ਗਈ ਇਕ ਬੈਲਿਸਟਿਕ ਮਿਜ਼ਾਈਲ ਅਤੇ 5 ਡਰੋਨਾਂ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਨ੍ਹਾਂ ਹਮਲਿਆਂ ਦੇ ਮੱਦੇਨਜ਼ਰ ਜਾਜ਼ਾਨ, ਅਭਾ ਅਤੇ ਖਮੀਸ ਮੁਸ਼ੈਤ ਸਮੇਤ ਕਈ ਇਲਾਕਿਆਂ ’ਚ ਲੋਕਾਂ ਨੂੰ ਚਿਤਾਵਨੀ ਸੰਦੇਸ਼ ਜਾਰੀ ਕਰ ਕੇ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ ਗਈ। ਸਾਊਦੀ ਵਿਦੇਸ਼ ਮੰਤਰਾਲਾ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦਿਆਂ ਸਖ਼ਤ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ਹੂਤੀ ਮੀਡੀਆ ਨੇ ਯਮਨ ਦੀ ਰਾਜਧਾਨੀ ਸਨਾ ’ਚ ਸਾਊਦੀ ਹਵਾਈ ਹਮਲਿਆਂ ਦਾ ਦਾਅਵਾ ਕੀਤਾ ਹੈ, ਜਿਸ ਨਾਲ ਖਾੜੀ ਖੇਤਰ ਦੀ ਸੁਰੱਖਿਆ ਅਤੇ ਤੇਲ ਸਪਲਾਈ ’ਤੇ ਖ਼ਤਰਾ ਵਧ ਗਿਆ ਹੈ।

