Monsoon clouds have disappeared from 70 percent of the country, no rain in 7 states including Rajasthan for the next 5 days
ਦੇਸ਼ ਦੇ 70 ਫੀਸਦੀ ਹਿੱਸੇ ’ਚੋਂ ਮਾਨਸੂਨੀ ਬੱਦਲ ਗਾਇਬ, ਰਾਜਸਥਾਨ ਸਮੇਤ 7 ਸੂਬਿਆਂ ’ਚ ਅਗਲੇ 5 ਦਿਨ ਮੀਂਹ ਨਹੀਂ
ਨਵੀਂ ਦਿੱਲੀ, (ਆਵਾਜ਼ਿ ਕੌਮ ਬਿਊਰੋ)-ਪੂਰਬੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਸਮੇਤ ਦੇਸ਼ ਦੇ 7 ਸੂਬਿਆਂ ਵਿਚ ਅਗਲੇ 5 ਦਿਨ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਦੇਸ਼ ਦੇ 70 ਫੀਸਦੀ ਹਿੱਸੇ ਵਿਚੋਂ ਬੱਦਲ ਗਾਇਬ ਹੋ ਗਏ ਹਨ। ਭਾਰਤੀ ਮੌਸਮ ਵਿਭਾਗ ਦੀਆਂ ਨਵੀਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਬੱਦਲ ਪੂਰਬ ਅਤੇ ਪੂਰਬ-ਉੱਤਰ ਦੇ ਸੂਬਿਆਂ ਜਿਵੇਂ- ਉੱਤਰਾਖੰਡ, ਯੂ. ਪੀ., ਬਿਹਾਰ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਵੱਲ ਚਲੇ ਗਏ ਹਨ। ਦੂਜੇ ਪਾਸੇ, ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿਚ ਮਾਨਸੂਨ ਥੋੜ੍ਹਾ-ਬਹੁਤ ਸਰਗਰਮ ਹੈ, ਉੱਥੇ ਸੜਕਾਂ ’ਤੇ ਪਾਣੀ ਭਰਨ ਅਤੇ ਨਦੀਆਂ ਵਿਚ ਹੜ੍ਹ ਆਉਣ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਯੂ. ਪੀ. ਦੇ ਹਾਪੁੜ ਵਿਚ ਤੇਜ਼ ਮੀਂਹ ਕਾਰਨ ਅੰਡਰਪਾਸ ਵਿਚ ਪਾਣੀ ਭਰ ਗਿਆ। ਬਿਜਨੌਰ ਵਿਚ ਗੰਗਾ ਅਤੇ ਉਸਦੀ ਸਹਾਇਕ ਮਾਲਨ ਨਦੀ ਚੜ੍ਹੀ ਹੋਈ ਹੈ। ਸੂਬੇ ਵਿਚ 3 ਦਿਨਾਂ ਵਿਚ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੇ ਮੱਧਵਰਤੀ ਅਤੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸ਼ਿਮਲਾ, ਸਿਰਮੌਰ, ਸੋਲਨ ਅਤੇ ਕਿੰਨੌਰ ਜ਼ਿਲਿਆਂ ਵਿਚ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਢਿੱਗਾਂ ਡਿੱਗੀਆਂ ਹਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਪੂਰੇ ਸੂਬੇ ਵਿਚ 200 ਤੋਂ ਵੱਧ ਸੜਕਾਂ ਬੰਦ ਹਨ। ਇਸ ਨਾਲ ਕਈ ਇਲਾਕਿਆਂ ਦਾ ਸੰਪਰਕ ਪ੍ਰਭਾਵਿਤ ਹੋਇਆ ਹੈ। ਨਦੀ-ਨਾਲਿਆਂ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।

