“International Panthic Dal Strongly Condemns Namdhari Leader Thakur Dalip Singh’s Statement on Living Guru”
“ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਵੱਲੋਂ ਦੇਹਧਾਰੀ ਗੁਰੂ ਬਿਆਨ ਉੱਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਤਿੱਖਾ ਵਿਰੋਧ”

2 ਅਪ੍ਰੈਲ 2026 ਲੰਡਨ –ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ, ਜਿਸ ਵਿੱਚ ਉਨ੍ਹਾਂ ਨੇ ਦੇਹਧਾਰੀ ਗੁਰੂ ਦੀ ਵਕਾਲਤ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਗੁਰਤਾ ‘ਤੇ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ, ਦੇ ਖਿਲਾਫ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਤਿੱਖਾ ਅਤੇ ਕਰੜਾ ਵਿਰੋਧ ਦਰਜ ਕਰਵਾਇਆ ਗਿਆ ਹੈ।
ਇੰਟਰਨੈਸ਼ਨਲ ਪੰਥਕ ਦਲ ਇੰਗਲੈਂਡ ਦੇ ਪ੍ਰਧਾਨ ਭਾਈ ਰਘਵੀਰ ਸਿੰਘ, ਅੰਤਰਰਾਸ਼ਟਰੀ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ, ਜਨਰਲ ਸਕੱਤਰ ਤੇ ਬੁਲਾਰੇ ਭਾਈ ਕਪਤਾਨ ਸਿੰਘ, ਧਾਰਮਿਕ ਵਿੰਗ ਦੇ ਜਥੇਦਾਰ ਬਾਬਾ ਬਘੇਲ ਸਿੰਘ, ਇਟਲੀ ਇਕਾਈ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਅਤੇ ਆਸਟਰੀਆ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਬਿਆਨ ਸਿੱਖ ਪੰਥ ਦੀ ਮੂਲ ਸ਼ਰਧਾ , ਅਟੱਲ ਮਰਯਾਦਾ ਅਤੇ ਇਤਿਹਾਸਕ ਸਿਧਾਂਤਾਂ ‘ਤੇ ਸਿੱਧਾ ਹਮਲਾ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਗੂਆਂ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਸਦੀਵੀ ਅਤੇ ਸਰਵਉੱਚ ਗੁਰੂ ਹਨ ਅਤੇ ਇਹ ਸੱਚਾਈ ਅਟੱਲ, ਅਡੋਲ ਅਤੇ ਜੁਗੋ-ਜੁਗ ਕਾਇਮ ਰਹਿਣ ਵਾਲੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੂਲ ਸਿਧਾਂਤ ‘ਤੇ ਸੰਦੇਹ ਪੈਦਾ ਕਰਨਾ ਪੰਥ ਵਿਰੋਧੀ ਕਰਤੂਤ ਹੈ ਅਤੇ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਗੂਆਂ ਨੇ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾ-ਗੱਦੀ ਬਖ਼ਸ਼ੀ ਅਤੇ ਸਿੱਖਾਂ ਨੂੰ ਸਪਸ਼ਟ ਹੁਕਮ ਕੀਤਾ ਕਿ ਅਗਾਂਹ ਤੋਂ ਇਸੇ ਨੂੰ ਆਪਣਾ ਗੁਰੂ ਮੰਨਿਆ ਜਾਵੇ ਅਤੇ ਕਿਸੇ ਵੀ ਦੇਹਧਾਰੀ ਵਿਅਕਤੀ ਨੂੰ ਗੁਰੂ ਦਾ ਦਰਜਾ ਨਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਗੁਰਤਾ-ਗੱਦੀ ਨੂੰ ਵਾਦ-ਵਿਵਾਦ ਦਾ ਵਿਸ਼ਾ ਬਣਾਉਣਾ ਸਿੱਖ ਧਰਮ ਦੇ ਮੂਲ ਅਸੂਲਾਂ ਦੀ ਘੋਰ ਉਲੰਘਣਾ ਹੈ ਅਤੇ ਇਸ ਤਰ੍ਹਾਂ ਦੇ ਯਤਨ ਸਿੱਖ ਕੌਮ ਦੀ ਏਕਤਾ ਅਤੇ ਸ਼ਰਧਾ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਆਗੂਆਂ ਨੇ ਪੰਜੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਸ ਤਰ੍ਹਾਂ ਦੇ ਬਿਆਨਾਂ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਜਾਵੇ। ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਜੇ ਸੰਬੰਧਿਤ ਵਿਅਕਤੀ ਆਪਣੇ ਬਿਆਨ ਵਾਪਸ ਨਹੀਂ ਲੈਂਦਾ ਅਤੇ ਮਾਫ਼ੀ ਨਹੀਂ ਮੰਗਦਾ, ਤਾਂ ਉਸਦੇ ਖਿਲਾਫ ਸਖ਼ਤ ਪੰਥਕ ਕਾਰਵਾਈ ਅਤੇ ਲੋੜ ਪੈਣ ‘ਤੇ ਹੁਕਮਨਾਮਾ ਜਾਰੀ ਕੀਤਾ ਜਾਵੇ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਹੋਰ ਵਿਅਕਤੀ ਜਾਂ ਸੰਸਥਾਵਾਂ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਵਡਾਵਾ ਦੇ ਰਹੀਆਂ ਹਨ, ਉਹਨਾਂ ਦੇ ਵਿਚਾਰਾਂ ਅਤੇ ਕਿਰਿਆਵਾਂ ਦੀ ਵੀ ਪੂਰੀ ਤਰ੍ਹਾਂ ਨਿੰਦਾ ਕੀਤੀ ਜਾਵੇਗੀ।
ਅੰਤ ਵਿੱਚ ਆਗੂਆਂ ਨੇ ਦੁਹਰਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਸਦੀਵੀ, ਸਰਵਉੱਚ ਗੁਰੂ ਹਨ ਅਤੇ ਇਸ ਅਟੱਲ ਸਿਧਾਂਤ ਨਾਲ ਕਿਸੇ ਵੀ ਹਾਲਤ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
