Non-bailable warrant issued against Pakistan-based Hafiz Saeed; accused of sending arms and funds to Kashmir
ਪਾਕਿਸਤਾਨ ’ਚ ਬੈਠੇ ਹਾਫ਼ਿਜ਼ ਸਈਦ ਖ਼ਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਕਸ਼ਮੀਰ ’ਚ ਹਥਿਆਰ-ਪੈਸੇ ਭੇਜਣ ਦਾ ਦੋਸ਼
ਜੰਮੂ (ਆਵਾਜ਼ਿ ਕੌਮ ਬਿਊਰੋ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ ਦੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਲਸ਼ਕਰ-ਏ-ਤਾਇਬਾ (ਐੱਲ. ਈ. ਟੀ.) ਦਾ ਸੰਸਥਾਪਕ ਅਤੇ ਭਾਰਤ ਦਾ ਸਭ ਤੋਂ ਲੋੜੀਂਦਾ ਅੱਤਵਾਦੀ ਹਾਫ਼ਿਜ਼ ਸਈਦ ਪਾਕਿਸਤਾਨ ਵਿਚ ਹੈ। ਇਸ ਤੋਂ ਬਾਅਦ ਅਦਾਲਤ ਨੇ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀ ਸਮੂਹਾਂ ਨੂੰ ਹਥਿਆਰ ਅਤੇ ਧਨ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਹੁਕਮ ਦੇਣ ਨਾਲ ਜੁੜੇ ਇਕ ਮਾਮਲੇ ਵਿਚ ਸਈਦ ਖ਼ਿਲਾਫ 2 ਮਹੀਨਿਆਂ ਵਿਚ ਦੂਜਾ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਅਦਾਲਤ ਨੇ ਐੱਨ. ਆਈ. ਏ. ਦੀ ਉਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਵਾਰੰਟ ਜਾਰੀ ਕੀਤਾ ਜਿਸ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 75 ਦੇ ਤਹਿਤ ਐਲਾਨੇ ਅੱਤਵਾਦੀ ਅਤੇ ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਸਈਦ ਖ਼ਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਗਈ ਸੀ। ਪਟੀਸ਼ਨ ਵਿਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਨਿਵਾਸੀ ਸਈਦ ਨੂੰ ‘ਫ਼ਰਾਰ ਦੋਸ਼ੀ’ ਦੱਸਿਆ ਗਿਆ ਹੈ। ਇਹ ਮਾਮਲਾ ਇਸ ਸਾਲ ਦੀ ਸ਼ੁਰੂਆਤ ਵਿਚ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿਚ ਜਾਂਚ ਦੌਰਾਨ ਮੁਹੰਮਦ ਨਕੀਬ ਭੱਟ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਹੈ। ਬਾਟਪੋਰਾ ਨਿਵਾਸੀ ਭੱਟ ਕੋਲੋਂ ਚੀਨ ਨਿਰਮਤ ਇਕ ਹੈਂਡ ਗ੍ਰੇਨੇਡ ਅਤੇ 15 ਕਾਰਤੂਸ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਕੀਤੀ ਗਈ ਜਾਂਚ ਵਿਚ ਇਕ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਅਤੇ ਲਸ਼ਕਰ-ਏ-ਤਾਇਬਾ ਅਤੇ ਉਸ ਦੇ ਸਹਿਯੋਗੀ ਸੰਗਠਨ ‘ਦਿ ਰੈਜਿਸਟੈਂਸ ਫਰੰਟ’ (ਟੀ. ਆਰ. ਐੱਫ.) ਨਾਲ ਸਬੰਧਤ ਕਈ ਹੋਰ ਅੱਤਵਾਦੀਆਂ ਅਤੇ 2 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

