Objectionable videos of ‘tattoos’ create heated atmosphere in Punjab, artist warned of Nihangs
ਪੰਜਾਬ ‘ਚ ‘ਟੈਟੂਆਂ’ ਦੀਆਂ ਇਤਰਾਜ਼ਯੋਗ ਵੀਡੀਓਜ਼ ਕਾਰਨ ਭਖਿਆ ਮਾਹੌਲ, ਆਰਟਿਸਟ ਨੂੰ ਨਿਹੰਗਾਂ ਦੀ ਚਿਤਾਵਨੀ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਟੈਟੂ ਸਟੂਡੀਓ ਦੀਆਂ ਵੀਡੀਓਜ਼ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਬਠਿੰਡਾ ਦੇ ਇੱਕ ਟੈਟੂ ਸਟੂਡੀਓ ਵੱਲੋਂ ਸਾਂਝੀਆਂ ਕੀਤੀਆਂ ਕੁੱਝ ਵੀਡੀਓਜ਼ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ‘ਚ ਔਰਤਾਂ ਦੇ ਨਿੱਜੀ ਅੰਗਾਂ ‘ਤੇ ਟੈਟੂ ਬਣਾਉਣ ਦੇ ਦ੍ਰਿਸ਼ ਦਿਖਾਏ ਜਾਣ ਕਾਰਨ ਮਾਮਲਾ ਗਰਮਾ ਗਿਆ ਹੈ। ਨਿਹੰਗ ਮਨਪ੍ਰੀਤ ਸਿੰਘ ਖਾਲਸਾ ਨੇ ਇਨ੍ਹਾਂ ਵੀਡੀਓਜ਼ ‘ਤੇ ਸਖ਼ਤ ਨਾਰਾਜ਼ਗੀ ਜਤਾਉਂਦਿਆਂ ਟੈਟੂ ਆਰਟਿਸਟ ਨੂੰ ਸੋਸ਼ਲ ਮੀਡੀਆ ‘ਤੇ ਅਜਿਹਾ ਅਸ਼ਲੀਲ ਕੰਟੈਂਟ ਪੋਸਟ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਦਾ ਬੱਚਿਆਂ ਅਤੇ ਨੌਜਵਾਨਾਂ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਖਾਲਸਾ ਨੇ ਕਿਹਾ ਕਿ ਜੇਕਰ ਕੋਈ ਟੈਟੂ ਬਣਵਾਉਣਾ ਹੀ ਚਾਹੁੰਦਾ ਹੈ ਤਾਂ ਉਹ ਸਰੀਰ ਦੇ ਅਜਿਹੇ ਹਿੱਸੇ ‘ਤੇ ਬਣਵਾਏ, ਜਿੱਥੇ ਕੱਪੜੇ ਉਤਾਰਨ ਦੀ ਲੋੜ ਨਾ ਪਵੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਜਿਹੇ ਟੈਟੂ ਭਵਿੱਖ ‘ਚ ਵਿਆਹੁਤਾ ਜ਼ਿੰਦਗੀ ‘ਚ ਵਿਵਾਦ ਦਾ ਕਾਰਨ ਬਣ ਸਕਦੇ ਹਨ ਅਤੇ ਸਿਹਤ ਸਬੰਧੀ ਖ਼ਤਰੇ ਵੀ ਪੈਦਾ ਹੋ ਸਕਦੇ ਹਨ। ਮਨਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਟੈਟੂ ਆਰਟਿਸਟ ਰਣਬੀਰ ਸਿੰਘ ਨਾਲ ਗੱਲ ਕੀਤੀ, ਪਰ ਜਦੋਂ ਗੱਲ ਨਾ ਬਣੀ ਤਾਂ ਉਨ੍ਹਾਂ ਐੱਸ. ਐੱਸ. ਪੀ. ਬਠਿੰਡਾ ਨੂੰ ਵੀ ਲਿਖ਼ਤੀ ਸ਼ਿਕਾਇਤ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਤੋਂ ਬਾਅਦ ਟੈਟੂ ਆਰਟਿਸਟ ਦੇ ਪਰਿਵਾਰ ਨੇ ਭਰੋਸਾ ਦਿੱਤਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਅਤੇ ਆਰਟਿਸਟ ਨੇ ਵੀ ਮੁਆਫ਼ੀ ਮੰਗੀ ਹੈ। ਖਾਲਸਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਵਾਦਤ ਸਮੱਗਰੀ ਨਾ ਹਟਾਈ ਗਈ ਤਾਂ ਮੁੜ ਵਿਰੋਧ ਕੀਤਾ ਜਾਵੇਗਾ ਅਤੇ ਬਠਿੰਡਾ ਤੋਂ ਇਲਾਵਾ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ‘ਚ ਵੀ ਅਜਿਹੇ ਮਾਮਲੇ ਚੁੱਕੇ ਜਾਣਗੇ। ਦੂਜੇ ਪਾਸੇ ਟੈਟੂ ਆਰਟਿਸਟ ਰਣਬੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੋਂ ਵਿਵਾਦਤ ਵੀਡੀਓਜ਼ ਨਹੀਂ ਹਟਾਈਆਂ। ਉਨ੍ਹਾਂ ਕਿਹਾ ਕਿ ਉਹ ਪਿਛਲੇ 6ਸਾਲਾਂ ਤੋਂ ਵੈਧ ਲਾਇਸੈਂਸ ਨਾਲ ਪੇਸ਼ੇਵਰ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੇ ਮੁਤਾਬਕ ਸਾਰੇ ਟੈਟੂ ਗਾਹਕਾਂ ਦੀ ਇੱਛਾ ਅਤੇ ਸਹਿਮਤੀ ਨਾਲ ਬਣਾਏ ਜਾਂਦੇ ਹਨ ਅਤੇ ਵੀਡੀਓ ਵੀ ਸਬੰਧਿਤ ਵਿਅਕਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਤਾਂ ਜੋ ਉਨ੍ਹਾਂ ਦੇ ਕੰਮ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੈ ਅਤੇ ਦੋਵੇਂ ਪੱਖ ਆਪਣੇ-ਆਪਣੇ ਦਾਅਵਿਆਂ ‘ਤੇ ਕਾਇਮ ਹਨ।

