Only Under 2 December Hukamnama Can Panthic Unity Be Achieved – Akali Dal Punar Surjit

Akali Dal Punar Surjit Passes Major Resolutions

2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਵਿੱਚ ਹੀ ਪੰਥਕ ਏਕਤਾ ਸੰਭਵ – ਅਕਾਲੀ ਦਲ ਪੁਨਰ ਸੁਰਜੀਤ

10 ਫਰਵਰੀ 2026, ਹੁਸ਼ਿਆਰਪੁਰ – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਵੱਡੀ ਇੱਕੱਠਰਤਾ ਕਰਕੇ ਅਹਿਮ ਫੈਸਲੇ ਲਏ ਹਨ। ਚਾਰੋਂ ਸਰਪ੍ਰਸਤਾਂ (ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਸੰਤ ਬਾਬਾ ਸਰਬਜੋਤ ਸਿੰਘ ਬੇਦੀ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਅਤੇ ਸਰਦਾਰ ਰਵੀ ਇੰਦਰ ਸਿੰਘ) ਦੀ ਸਰਪ੍ਰਸਤੀ ਹੇਠ ਹੋਈ ਇਸ ਮੀਟਿੰਗ ਵਿੱਚ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਮੀਟਿੰਗ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਹੋਲੇ ਮਹੱਲੇ ਮੌਕੇ ਵਿਸ਼ਾਲ ਅਕਾਲੀ ਕਾਨਫਰੰਸ ਅਤੇ ਪੰਜਾਬ-ਪੰਥ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਵਿਚਾਰ ਕੀਤਾ ਗਿਆ।

ਸਰਬਸੰਮਤੀ ਨਾਲ ਪਾਸ ਹੋਏ ਮਤੇ:

  1. ਭਗੌੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ। 2 ਦਸੰਬਰ 2024 ਦੇ ਹੁਕਮਨਾਮੇ ਦੀ ਰੌਸ਼ਨੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਨਾ ਸਿਰਫ਼ ਇਨਕਾਰ ਕੀਤਾ ਸਗੋਂ ਭੱਜ ਵੀ ਗਏ ਹਨ। ਉਹ ਹੁਕਮਨਾਮੇ ਦੀ ਪਾਲਣਾ ਅਤੇ ਤਿਆਗ ਦੀ ਭਾਵਨਾ ਨਾ ਦਿਖਾਉਣ ਤੱਕ ਕੋਈ ਸਮਝੌਤਾ ਨਹੀਂ ਹੋਵੇਗਾ।
  2. ਆਉਣ ਵਾਲੇ ਮਾਰਚ ਵਿੱਚ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਇਸ ਵਿੱਚ ਅਕਾਲੀ ਦਲ ਦਾ ਵਿਧੀ ਵਿਧਾਨ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਲਈ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ।
  3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਲਈ ਸਰਕਾਰਾਂ ਵਿਰੁੱਧ ਸੰਘਰਸ਼ ਅਰੰਭਿਆ ਜਾਵੇਗਾ ਅਤੇ SGPC ਵਿੱਚ ਹੋ ਰਹੇ ਘਪਲਿਆਂ ਸਬੰਧੀ ਸਰਗਰਮੀਆਂ ਵਧਾਈਆਂ ਜਾਣਗੀਆਂ।
  4. ਜ਼ਿਲ੍ਹਾ ਜਥੇਦਾਰਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਕੇ ਜ਼ਿਲ੍ਹਾ ਪੱਧਰੀ ਵੱਡੇ ਪ੍ਰੋਗਰਾਮ ਕੀਤੇ ਜਾਣਗੇ।
  5. ਇੱਕ ਵਿਅਕਤੀ ਇੱਕ ਅਹੁਦੇ ਦੇ ਤਹਿਤ ਹੀ ਨਿਯੁਕਤੀਆਂ ਹੋਣਗੀਆਂ। ਜਿਨ੍ਹਾਂ ਕੋਲ ਇੱਕ ਤੋਂ ਵੱਧ ਅਹੁਦੇ ਹਨ, ਉਹ ਇੱਕ ਅਹੁਦਾ ਰੱਖ ਕੇ ਬਾਕੀਆਂ ਤੋਂ ਅਸਤੀਫਾ ਪ੍ਰਧਾਨ ਨੂੰ ਸੌਂਪ ਦੇਣਗੇ।

ਇਹ ਮਤੇ ਹੋਲੇ ਮਹੱਲੇ ਸਮਾਗਮ ਤੋਂ ਪਹਿਲਾਂ ਅਮਲੀ ਰੂਪ ਵਿੱਚ ਲਾਗੂ ਕੀਤੇ ਜਾਣਗੇ ਅਤੇ ਸੰਗਤਾਂ ਦੇ ਇਕੱਠ ਵਿੱਚ ਐਲਾਨ ਕੀਤੇ ਜਾਣਗੇ। ਮੀਟਿੰਗ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਮਤੇ ਪਾਸ ਹੋਏ ਅਤੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਚੜ੍ਹਦੀਕਲਾ ਲਈ ਅਰਦਾਸ ਨਾਲ ਸਮਾਪਤੀ ਹੋਈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਗੋਬਿੰਦ ਸਿੰਘ ਲੌਂਗੋਵਾਲ, ਮਨਪ੍ਰੀਤ ਸਿੰਘ ਇਆਲੀ, ਸੰਤਾਂ ਸਿੰਘ ਉਦੇਪੁਰੀ, ਇਕਬਾਲ ਸਿੰਘ ਝੁੰਦਾ, ਪਰਮਿੰਦਰ ਸਿੰਘ ਢੀਂਡਸਾ ਆਦਿ ਹਾਜ਼ਰ ਸਨ। ਪ੍ਰੈੱਸ ਨੋਟ ਜਗਜੀਤ ਸਿੰਘ ਕੋਹਲੀ (ਦਫਤਰ ਸਕੱਤਰ) ਵੱਲੋਂ ਜਾਰੀ ਕੀਤਾ ਗਿਆ।