ਆਪਰੇਸ਼ਨ ਪਰਹਾਰ–2 ਤੇ ਅੰਮ੍ਰਿਤਸਰ ‘ਚ ਸਪੈਸ਼ਲ ਸਰਚ, 145 ਗ੍ਰਿਫ਼ਤਾਰ, ਆਈਸ ਡਰੱਗ ਤੇ ਆਧੁਨਿਕ ਹਥਿਆਰ ਬਰਾਮਦ

ਆਪਰੇਸ਼ਨ ਪਰਹਾਰ–2 ਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਰਣਜੀਤ ਐਵਨਿਊ ਦੇ ਹਾਊਸਿੰਗ ਬੋਰਡ ਇਲਾਕੇ ਵਿੱਚ ਵੱਡਾ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ‘ਤੇ ਪਹੁੰਚੇ, ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਜੂਨੀਅਰ ਅਧਿਕਾਰੀਆਂ ਨੂੰ ਦਿਸ਼ਾ–ਨਿਰਦੇਸ਼ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਤਿੰਨ ਦਿਨਾਂ ਤੋਂ ਚੱਲ ਰਹੇ ਆਪਰੇਸ਼ਨ ਨੂੰ ਸ਼ਾਨਦਾਰ ਕਾਮਯਾਬੀ ਮਿਲੀ ਹੈ। ਦਿਨ–2 ‘ਤੇ ਹੁਣ ਤੱਕ 145 ਅਪਰਾਧੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਿਨ੍ਹਾਂ ‘ਚ ਦੋ ਪੀਓ, ਗੈਂਗਸਟਰ ਅਸੋਸੀਏਟ ਅਤੇ ਵੱਖ–ਵੱਖ ਮਾਮਲਿਆਂ ‘ਚ ਵਾਂਟਿਡ ਕ੍ਰਿਮਿਨਲ ਸ਼ਾਮਲ ਹਨ। ਬਰਾਮਦਗੀਆਂ ‘ਚ ਹਾਫ ਕੇਜੀ ਤੋਂ ਵੱਧ ਮੈਟਾਫੇਟਾਮਾਈਨ (ਆਈਸ), ਦੋ ਆਧੁਨਿਕ ਪਿਸਤੌਲ—ਗਲੌਕ ਅਤੇ 9 ਐਮਐਮ—ਸਮੇਤ ਐਕਸਾਈਜ਼ ਮਾਮਲਿਆਂ ‘ਚ ਨਜਾਇਜ਼ ਸ਼ਰਾਬ ਵੀ ਸ਼ਾਮਲ ਹੈ। ਪਹਿਲੇ ਦਿਨ 100 ਤੋਂ ਵੱਧ ਗ੍ਰਿਫ਼ਤਾਰੀਆਂ, ਛੇ ਪਿਸਤੌਲ ਅਤੇ ਕਰੀਬ 11.90 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਸੀ। ਕਮਿਸ਼ਨਰ ਨੇ ਦੱਸਿਆ ਕਿ ਆਈਸ ਡਰੱਗ ਦੀ ਪੋਟੈਂਸੀ ਕਾਫ਼ੀ ਉੱਚੀ ਹੈ ਅਤੇ ਕਰਾਸ ਬਾਰਡਰ ਤਸਕਰੀ ਨਾਲ ਜੁੜੇ ਟ੍ਰਾਂਸਪੋਰਟ ਨੈੱਟਵਰਕ ਨੂੰ ਤੋੜਿਆ ਗਿਆ ਹੈ, ਜਿਸਦੇ ਤਾਰ ਇੰਟਰਨੈਸ਼ਨਲ ਬਾਰਡਰ ਰਾਹੀਂ ਵਿਦੇਸ਼ ਤੱਕ ਜੁੜੇ ਹੋਏ ਸਨ। ਆਪਰੇਸ਼ਨ ‘ਚ ਸਿਵਲ ਕੱਪੜਿਆਂ ‘ਚ ਬਣੀਆਂ ਸਪੈਸ਼ਲ ਸਕੁਆਡਾਂ, ਮਹਿਲਾ ਪੁਲਿਸ ਦੀ ਸ਼ਮੂਲੀਅਤ, ਸੀਸੀਟੀਵੀ ਨਿਗਰਾਨੀ ਅਤੇ ਸਕੇਪ ਰੂਟਸ ‘ਤੇ ਕੈਮਰਿਆਂ ਦੀ ਤਾਇਨਾਤੀ ਨਾਲ ਸਟਰੀਟ ਕ੍ਰਾਈਮ ‘ਚ ਵੀ ਘਟਾਓ ਦੇਖਿਆ ਗਿਆ ਹੈ। ਉਨ੍ਹਾਂ ਨੇ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੀ ਪੂਰੀ ਤਸਦੀਕ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੁਲਿਸ–ਪਬਲਿਕ ਸਹਿਯੋਗ ਨਾਲ ਹੀ ਸ਼ਹਿਰ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

