Pakistan: Pharmaceutical companies on the verge of ‘shutting down’ amid economic crisis
ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ ‘ਬੰਦ’ ਹੋਣ ਦੇ ਕੰਢੇ
Lahore, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਵਿੱਚ ਕਾਫ਼ੀ ਸਮੇਂ ਤੋਂ ਚੱਲ ਰਹੇ ਆਰਥਿਕ ਸੰਕਟ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਤੋਂ 1.1 ਅਰਬ ਡਾਲਰ ਦੀ ਰਾਹਤ ਰਾਸ਼ੀ ਮਿਲਣ ਵਿੱਚ ਹੋ ਰਹੀ ਦੇਰੀ ਕਾਰਨ ਦੇਸ਼ ਦਾ ਫਾਰਮਾਸਿਊਟੀਕਲ ਉਦਯੋਗ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ। ਬੈਂਕਾਂ ਵੱਲੋਂ ਕੱਚੇ ਮਾਲ ਦੇ ਆਯਾਤ ਲਈ ‘ਲੇਟਰ ਆਫ਼ ਕ੍ਰੈਡਿਟ’ (LC) ਜਾਰੀ ਨਾ ਕਰਨ ਕਾਰਨ ਦੇਸ਼ ਵਿੱਚ ਦਵਾਈਆਂ ਦਾ ਉਤਪਾਦਨ 21.5 ਫੀਸਦੀ ਤੱਕ ਡਿੱਗ ਗਿਆ ਹੈ। ਇਸ ਕਾਰਨ ਦੇਸ਼ ਭਰ ਵਿੱਚ ਜ਼ਰੂਰੀ ਤੇ ਜੀਵਨ ਰੱਖਿਅਕ ਦਵਾਈਆਂ ਦੀ ਭਾਰੀ ਘਾਟ ਪੈਦਾ ਹੋ ਗਈ ਹੈ। ‘ਪਾਕਿਸਤਾਨ ਫਾਰਮਾਸਿਊਟੀਕਲ ਮੈਨੂਫੈਕਚਰਰਜ਼ ਐਸੋਸੀਏਸ਼ਨ’ ਦੇ ਚੇਅਰਮੈਨ ਸੈਯਦ ਫਾਰੂਕ ਬੁਖਾਰੀ ਅਨੁਸਾਰ ਦੇਸ਼ ਵਿੱਚ ਬਣਨ ਵਾਲੀਆਂ ਜ਼ਿਆਦਾਤਰ ਦਵਾਈਆਂ ਲਈ ਕੱਚਾ ਮਾਲ ਵਿਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ। ਪਰ ਵਿਦੇਸ਼ੀ ਮੁਦਰਾ ਭੰਡਾਰ ਦੀ ਘਾਟ ਕਾਰਨ ਬੈਂਕਾਂ ਵੱਲੋਂ ਸਿਰਫ਼ 50 ਫੀਸਦੀ ਐੱਲ.ਸੀ. ਬੇਨਤੀਆਂ ਨੂੰ ਹੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਥੋਕ ਤੇ ਖੁਦਰਾ ਵਿਕਰੇਤਾਵਾਂ ਦੁਆਰਾ ਜਮ੍ਹਾਂਖੋਰੀ ਵੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਚੀਨ, ਯੂਰਪ ਅਤੇ ਅਮਰੀਕਾ ਤੋਂ ਆਯਾਤ ਕੀਤੇ ਕੱਚੇ ਮਾਲ ਅਤੇ ਮੈਡੀਕਲ ਉਪਕਰਨਾਂ ਵਾਲੇ ਦਰਜਨਾਂ ਜਹਾਜ਼ ਅਤੇ ਕੰਟੇਨਰ ਬੰਦਰਗਾਹਾਂ ‘ਤੇ ਹੀ ਫਸੇ ਹੋਏ ਹਨ। ਬੁਖਾਰੀ ਨੇ ਖੁਲਾਸਾ ਕੀਤਾ ਕਿ ਪਾਕਿਸਤਾਨੀ ਰੁਪਏ ਦੀ ਕੀਮਤ ਡਿੱਗਣ ਅਤੇ ਬਾਲਣ ਦੇ ਰੇਟ ਵਧਣ ਕਾਰਨ ਦਵਾਈਆਂ ਦਾ ਉਤਪਾਦਨ ਅਸੰਭਵ ਹੋ ਗਿਆ ਹੈ। ਇਸ ਕਾਰਨ 4 ਬਹੁ-ਰਾਸ਼ਟਰੀ ਫਾਰਮਾ ਕੰਪਨੀਆਂ (MNCs) ਪਾਕਿਸਤਾਨ ਛੱਡ ਕੇ ਚਲੀਆਂ ਗਈਆਂ ਹਨ ਅਤੇ 40 ਸਥਾਨਕ ਕੰਪਨੀਆਂ ਨੇ ਆਪਣਾ ਕੰਮਕਾਜ ਬੰਦ ਕਰਨ ਦੀ ਰਸਮੀ ਜਾਣਕਾਰੀ ਦਿੱਤੀ ਹੈ। ਫਾਰਮਾ ਉਦਯੋਗ ਵੱਲੋਂ ਦਵਾਈਆਂ ਦੀਆਂ ਕੀਮਤਾਂ ਵਿੱਚ 38.5 ਫੀਸਦੀ ਵਾਧੇ ਦੀ ਮੰਗ ਕੀਤੀ ਗਈ ਸੀ, ਪਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੇ 31.5 ਫੀਸਦੀ ਤੱਕ ਪਹੁੰਚੀ ਮਹਿੰਗਾਈ ਕਾਰਨ ਜਨਤਕ ਰੋਸ ਦੇ ਡਰੋਂ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਡਰੱਗ ਰੈਗੂਲੇਟਰੀ ਅਥਾਰਟੀ (DRAP) ਨੇ ਬੁਖਾਰ ਅਤੇ ਦਰਦ ਨਿਵਾਰਕ 19 ਦਵਾਈਆਂ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ, ਪਰ ਉਦਯੋਗ ਨੇ ਇਸ ਨੂੰ ਨਾ-ਕਾਫ਼ੀ ਦੱਸ ਕੇ ਖ਼ਾਰਜ ਕਰ ਦਿੱਤਾ ਹੈ। ‘ਪਾਕਿਸਤਾਨ ਡਰੱਗ ਲਾਇਰਜ਼ ਫੋਰਮ’ ਦੇ ਚੇਅਰਮੈਨ ਮੁਹੰਮਦ ਨੂਰ ਮੇਹਰ ਅਨੁਸਾਰ ਆਯਾਤ ਕੀਤੀਆਂ ਜਾਣ ਵਾਲੀਆਂ 10 ਫੀਸਦੀ ਜੀਵਨ ਰੱਖਿਅਕ ਦਵਾਈਆਂ ਬਾਜ਼ਾਰ ਵਿੱਚੋਂ ਗਾਇਬ ਹਨ, ਜਿਨ੍ਹਾਂ ਵਿੱਚ ਸ਼ੂਗਰ, ਦਿਲ, ਗੁਰਦੇ ਅਤੇ ਅਸਥਮਾ ਦੀਆਂ ਦਵਾਈਆਂ ਸ਼ਾਮਲ ਹਨ। ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਦੇ ਕੈਂਸਰ ਹਸਪਤਾਲ ਦੀ ਓਨਕੋਲੋਜਿਸਟ ਅਨੁਸਾਰ ਕੀਮੋਥੈਰੇਪੀ ਦੀਆਂ ਦਵਾਈਆਂ ਦੀਆਂ ਕੀਮਤਾਂ ਦੁਗਣੀਆਂ ਹੋ ਚੁੱਕੀਆਂ ਹਨ। ਕੈਂਸਰ ਦੇ ਇਲਾਜ ਲਈ ਦਿੱਤੇ ਜਾਣ ਵਾਲੇ ‘ਡੋਕਸੋਰੂਬਿਸਿਨ’ ਅਤੇ ‘ਕੋਪੈਕ’ ਵਰਗੇ ਇੰਜੈਕਸ਼ਨ ਮੈਡੀਕਲ ਸਟੋਰਾਂ ਤੋਂ ਗਾਇਬ ਹਨ ਅਤੇ ਬਲੈਕ ਮਾਰਕੀਟ ਵਿੱਚ ਅਸਲ ਕੀਮਤ ਨਾਲੋਂ 10 ਗੁਣਾ ਵੱਧ ਭਾਅ ‘ਤੇ ਵੇਚੇ ਜਾ ਰਹੇ ਹਨ। ਇਸਲਾਮਾਬਾਦ ਦੇ ਸਰਕਾਰੀ ਪੋਲੀਕਲੀਨਿਕ ਹਸਪਤਾਲ ਦੇ ਡਾਕਟਰਾਂ ਨੇ ਟੀ.ਬੀ. ਸ਼ੂਗਰ , ਖੂਨ ਪਤਲਾ ਕਰਨ ਅਤੇ ਮੈਦੇ ਦੀਆਂ ਸਮੱਸਿਆਵਾਂ ਦੀਆਂ ਦਵਾਈਆਂ ਦੀ ਭਾਰੀ ਘਾਟ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਆਯਾਤ ਕੀਤੇ ਆਕਸੀਜਨੇਟਰ, ਕੋਰੋਨਰੀ ਸਟੈਂਟ, ਟ੍ਰਾਂਸਪਲਾਂਟ ਕਿੱਟਾਂ ਅਤੇ ਸਰਿੰਜਾਂ ਦੀ ਘਾਟ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰੀ ਸਰਜਰੀਆਂ ਵੀ ਮੁਲਤਵੀ ਕਰਨੀਆਂ ਪੈ ਰਹੀਆਂ ਹਨ।

