Panamanian cargo ship heading to Singapore sinks off Odisha coast: 2 out of 24 crew members rescued, 22 missing
ਓਡੀਸ਼ਾ ਤੱਟ ਨੇੜੇ ਸਿੰਗਾਪੁਰ ਜਾ ਰਿਹਾ ਪਨਾਮਾ ਦਾ ਕਾਰਗੋ ਜਹਾਜ਼ ਡੁੱਬਿਆ: 24 ‘ਚੋਂ 2 ਕਰੂ ਮੈਂਬਰ ਬਚਾਏ, 22 ਲਾਪਤਾ
ਭੁਵਨੇਸ਼ਵਰ (ਆਵਾਜ਼ਿ ਕੌਮ ਬਿਊਰੋ)- ਓਡੀਸ਼ਾ ਦੇ ਪਾਰਾਦੀਪ ਤੱਟ ਤੋਂ ਲਗਭਗ 240 ਸਮੁੰਦਰੀ ਮੀਲ ਦੂਰ ਬੰਗਾਲ ਦੀ ਖਾੜੀ ਵਿੱਚ ਪਨਾਮਾ ਦੇ ਝੰਡੇ ਵਾਲਾ ਇੱਕ ਵੱਡਾ ਮਾਲਵਾਹਕ ਜਹਾਜ਼ ‘ਐੱਮ.ਵੀ. ਓਸ਼ਨ ਵਿਨਰ’ (MV Ocean Winner) ਸ਼ਨੀਵਾਰ ਨੂੰ ਸੰਪਰਕ ਟੁੱਟਣ ਤੋਂ ਬਾਅਦ ਸਮੁੰਦਰ ਵਿੱਚ ਡੁੱਬ ਗਿਆ। ਇਸ ਹਾਦਸਾਗ੍ਰਸਤ ਜਹਾਜ਼ ‘ਤੇ ਚਾਲਕ ਦਲ (ਕਰੂ) ਦੇ ਕੁੱਲ 24 ਮੈਂਬਰ ਸਵਾਰ ਸਨ। ਭਾਰਤੀ ਤੱਟ ਰੱਖਿਅਕ ਬਲ (Coast Guard) ਨੇ ਮੁਸਤੈਦੀ ਦਿਖਾਉਂਦੇ ਹੋਏ ਹੁਣ ਤੱਕ 2 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਦੋਂ ਕਿ ਬਾਕੀ 22 ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਤੱਟ ਤੋਂ ਸਿੰਗਾਪੁਰ ਲਈ ਰਵਾਨਾ ਹੋਇਆ ਸੀ। ਇਸ ਜਹਾਜ਼ ਵਿੱਚ ਲੋਹੇ ਦੀ ਕੱਚੀ ਧਾਤ (Iron Ore) ਲੱਦੀ ਹੋਈ ਸੀ। ਸ਼ਨੀਵਾਰ ਨੂੰ ਅਚਾਨਕ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ, ਜਿਸ ਤੋਂ ਕੁਝ ਸਮੇਂ ਬਾਅਦ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਕੇ ਡੁੱਬ ਗਿਆ। ਫਿਲਹਾਲ ਜਹਾਜ਼ ਦੇ ਡੁੱਬਣ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਜਹਾਜ਼ ‘ਤੇ ਸਵਾਰ ਚਾਲਕ ਦਲ ਦੇ 24 ਮੈਂਬਰਾਂ ਵਿੱਚੋਂ 20 ਚੀਨੀ ਨਾਗਰਿਕ, 3 ਮਿਆਂਮਾਰ ਦੇ ਨਾਗਰਿਕ ਅਤੇ 1 ਬੰਗਲਾਦੇਸ਼ੀ ਨਾਗਰਿਕ ਸ਼ਾਮਲ ਸੀ। ਲਾਪਤਾ ਹੋਏ ਸਾਰੇ ਲੋਕਾਂ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਜਹਾਜ਼ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਤੱਟ ਰੱਖਿਅਕ ਬਲ ਅਤੇ ਭਾਰਤੀ ਜਲ ਸੈਨਾ (Navy) ਨੇ ਸਾਂਝੇ ਤੌਰ ‘ਤੇ ਸਮੁੰਦਰ ਵਿੱਚ ਇੱਕ ਵੱਡਾ ਸਰਚ ਅਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਸ-ਪਾਸ ਦੇ ਸਮੁੰਦਰੀ ਖੇਤਰ ਵਿੱਚ ਮੌਜੂਦ ਹੋਰਨਾਂ ਜਹਾਜ਼ਾਂ ਨੂੰ ਵੀ ਅਲਰਟ ਜਾਰੀ ਕਰਕੇ ਲਾਪਤਾ ਲੋਕਾਂ ਦੀ ਭਾਲ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ ਲਾਪਤਾ ਕਰੂ ਮੈਂਬਰਾਂ ਨੂੰ ਜਲਦ ਤੋਂ ਜਲਦ ਲੱਭਣ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

