Panch Pradhani Panthic Jatha Strongly Condemns Incidents of Disrespect Towards Dr. Ambedkar, Warns Against Delhi Durbar’s Policies

ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਡਾ. ਅੰਬੇਦਕਰ ਦੀ ਨਿਰਾਦਰੀ ਦੀਆਂ ਘਟਨਾਵਾਂ ਦੀ ਕਰੜੀ ਨਿਖੇਧੀ, ਦਿੱਲੀ ਦਰਬਾਰ ਦੀ ਨੀਤੀ ‘ਤੇ ਸੁਚੇਤ ਕੀਤਾ

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਿਤਾਣੇ ਵਰਗਾਂ ਦੀ ਭਲਾਈ ਲਈ ਤੇ ਉਹਨਾ ਨੂੰ ਸਮਾਜ ਵਿਚ ਬਰਾਬਰ ਦਾ ਰੁਤਬਾ ਦਿਵਾਉਣ ਲਈ ਉਮਰ ਭਰ ਯਤਨਸ਼ੀਲ ਰਹੇ ਡਾ. ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਦੀਆਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ। ਮੌਜੂਦਾ ਸਮੇਂ ਵਿਚ ਵਾਪਰ ਰਹੀਆਂ ਇਹ ਘਟਨਾਵਾਂ ਐਸ. ਸੀ. ਭਾਈਚਾਰੇ ਅਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦੀ ਨੀਤੀ ਤੋਂ ਪ੍ਰੇਰਿਤ ਲੱਗਦੀਆਂ ਹਨ।
ਪੰਚ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਹੈ ਕਿ ਦਿੱਲੀ ਦਰਬਾਰ ਦੀ ਸੱਤਾਧਾਰੀ ਬਿਪਰਵਾਦੀ ਧਿਰ ਪੰਜਾਬ ਵਿਚ ਸਿੱਖਾਂ ਅਤੇ ਦਲਿਤਾਂ ਨੂੰ ਪਾੜ ਕੇ ਆਪਣੇ ਮੁਫਾਦ ਪੂਰੇ ਕਰਨ ਅਤੇ ਦਲਿਤਾਂ ਤੇ ਸਿੱਖਾਂ ਨੂੰ ਕਮਜ਼ੋਰ ਕਰਕੇ ਉਹਨਾ ਨੂੰ ਨਪੀੜਨ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹੈ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਨਿਰਾਦਰ ਦੀਆਂ ਘਟਨਾਵਾਂ ਦਿੱਲੀ ਦਰਬਾਰ ਦੇ ਮੁਫਾਦ ਪੂਰਾ ਕਰਨ ਦਾ ਮੰਦਭਾਗਾ ਸਬੱਬ ਬਣ ਰਹੀਆਂ ਹਨ। ਭਾਰਤੀ ਸੰਵਿਧਾਨ ਵਿਚਲੀ ਕਿਸੇ ਧਾਰਾ, ਸਮੇਤ ਧਾਰਾ 25 ਦੀ ਮੱਦ 2-ਬੀ ਦੀ ਦੂਜੀ ਵਿਆਖਿਆ ਦੇ, ਵਾਸਤੇ ਡਾ. ਅੰਬੇਦਕਰ ਨੂੰ ਸਿੱਖਾਂ ਦਾ ਦੋਸ਼ੀ ਗਰਦਾਨਣਾ ਸਰਾਸਰ ਗਲਤ ਕਾਰਵਾਈ ਹੈ। ਇਹ ਮੱਦ ਦੇ ਹਵਾਲੇ ਨਾਲ ਦਲਿਤਾਂ ਅਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦਾ ਯਤਨ ਕਰਨਾ ਕੋਝੀ ਕਾਰਵਾਈ ਹੈ।
ਇਸ ਬਿਆਨ ਵਿਚ ਅੱਗੇ ਕਿਹਾ ਹੈ ਕਿ ਡਾ. ਅੰਬੇਦਕਰ ਦਾ ਪੂਰਾ ਜੀਵਨ ਨਿਮਾਣੇ-ਨਿਤਾਣੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਨੂੰ ਸਮਰਪਿਤ ਰਿਹਾ। ਆਪਣੇ ਜੀਵਨ ਕਾਲ ਦੌਰਾਨ ਉਹਨਾ ਨਿਮਾਣੇ ਵਰਗਾਂ ਨੂੰ ਉੱਚਾ ਚੁੱਕਣ ਲਈ ਬੌਧਿਕ ਅਤੇ ਅਮਲੀ ਪੱਧਰ ਉੱਤੇ ਅਕਥ ਸੰਘਰਸ਼ ਕੀਤਾ। ਡਾ. ਅੰਬੇਦਕਰ ਦੇ ਸਿੱਖਾਂ ਨਾਲ ਚੰਗੇ ਤਾਲੁਕਾਤ ਰਹੇ ਅਤੇ ਉਹਨਾ ਸਿੱਖ ਬਣਨ ਦੀ ਇੱਛਾ ਵੀ ਪਰਗਟ ਕੀਤੀ ਪਰ ਭਾਵੇਂ ਕਿ ਵਕਤ ਦੇ ਹਾਲਾਤ ਕਾਰਨ ਉਹ ਸਿੱਖ ਨਾ ਬਣ ਸਕੇ ਪਰ ਹਿੰਦੂ ਧਰਮ ਨੂੰ ਛੱਡ ਕੇ ਬੋਧੀ ਬਣ ਗਏ ਸਨ।
ਅੱਜ ਜਾਰੀ ਕੀਤੇ ਇਸ ਬਿਆਨ ਵਿਚ ਦਰਜ਼ ਹੈ ਕਿ ਗੁਰੂ ਸਾਹਿਬਾਨ ਨੇ ਖਾਲਸੇ ਨੂੰ ‘ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ’ ਦਾ ਬਿਰਦ ਬਖਸ਼ਿਆ ਹੈ। ਗੁਰੂ ਕੇ ਸਿੱਖ ਸਦਾ ਨਿਮਾਣੇ ਵਰਗਾਂ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ। ਖਾਲਿਸਤਾਨ ਦਾ ਸੰਘਰਸ਼ ਗੁਰਮਤਿ ਦੇ ਆਸ਼ੇ ਅਨੁਸਾਰ ਵਿਤਕਰੇ ਜਾਂ ਊਚ-ਨੀਚ ਤੋਂ ਰਹਿਤ, ਬਰਾਬਰੀ ਤੇ ਸਰਬ ਸਾਂਝੀਵਾਲਤਾ ਵਾਲਾ ਬੇਗਮਪੁਰਾ ਦੀ ਨਿਆਈਂ ਸਮਾਜ ਸਿਰਜਣ ਅਤੇ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਸਿਜਣ ਵਾਸਤੇ ਹੈ ਨਾ ਕਿ ਕਿਸੇ ਇਕ ਖਾਸ ਵਰਗ ਜਾਂ ਸਿਰਫ ਸਿੱਖਾਂ ਲਈ।
ਪੰਚ ਪ੍ਰਧਾਨੀ ਪੰਥਕ ਜਥੇ ਨੇ ਡਾ. ਅੰਬੇਦਕਰ ਦੇ ਨਿਰਾਦਰ ਨੂੰ ਖਾਲਿਸਤਾਨ ਦੇ ਸੰਘਰਸ਼ ਦਾ ਜੋੜਨਾ ਘਿਨਾਉਣੀ ਕਾਰਵਾਈ ਹੈ। ਇਸ ਸਮੇਂ ਖਾਲਿਸਤਾਨ ਦੇ ਪਵਿੱਤਰ ਸ਼ੰਘਰਸ਼ ਦੇ ਨਾਮ ਉੱਪਰ ਨਿਮਾਣੇ ਵਰਗਾਂ ਤੇ ਸਿੱਖਾਂ ਵਿਚ ਦਰਾੜ ਪਾਉਣ ਦਾ ਯਤਨ ਕਰਨਾ ਜਾਂ ਭਾੜੇ ਉੱਤੇ ਸੰਘਰਸ਼ ਦੇ ਮਿਆਰ ਤੋਂ ਹੀਣੀਆਂ ਕਾਰਵਾਈਆਂ ਕਰਵਾਉਣ ਵਾਲੇ ਹਿੱਸਿਆਂ ਪ੍ਰਤੀ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਉਹਨਾ ਕਿਹਾ ਕਿ ਖਾਲਿਸਤਾਨ ਦੇ ਸੰਘਰਸ਼ ਦਾ ਅਧਾਰ ਦੀ ਸੇਵਾ, ਸਿਮਰਨ, ਉੱਚੇ ਕਿਰਦਾਰਾਂ ਤੇ ਸ਼ਹਾਦਤਾਂ ਉੱਤੇ ਨਿਰਭਰ ਹੈ ਅਤੇ ਪੈਸੇ ਲਈ ਜਾਂ ਪੈਸੇ ਦੇ ਜੋਰ ਉੱਤੇ ਕਰਵਾਈਆਂ ਜਾਣ ਵਾਲੀਆਂ ਕਾਰਵਾਈਆਂ ਦਾ ਖਾਲਿਸਤਾਨ ਦੇ ਸੰਘਰਸ਼ ਨਾਲ ਸਰੋਕਾਰ ਨਹੀਂ ਹੈ।
ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਗੁਰਮਤਿ ਆਸ਼ੇ ਦੇ ਮੱਦੇਨਜ਼ਰ ਸਿੱਖਾਂ ਦਾ ਅਸੂਲਨ ਤੇ ਪ੍ਰਮੁੱਖ ਵਿਰੋਧ ਵਿਤਕਰੇ ਅਤੇ ਊਚ-ਨੀਚ ਵਾਲੀ ਬਿਪਰਨ ਕੀ ਰੀਤ, ਸਰੋਤਾਂ ਦੀ ਬੇਕਿਕਰ ਲੁੱਟ ਕਰਨ ਵਾਲੇ ਕਰੋਨੀ-ਕੈਪਿਟਲਇਜ਼ਮ, ਵੰਨਸੁਵੰਨਤਾ ਮੇਟ ਕੇ ਇਕੋ-ਇਕਹਿਰੀ ਪਛਾਣ ਘੜਨ ਵਾਲੀ ਨੇਸ਼ਨ-ਸਟੇਟ ਬਿਲਡਿੰਗ ਦੀ ਵਿਚਾਰਧਾਰਾ ਅਤੇ ਸੱਤਾ ਤੇ ਤਾਕਤ ਦੇ ਕੇਂਦਰੀਕਰਨ ਵਾਲੀਆਂ ਸਿਆਸੀ ਧਾਰਾਵਾਂ ਨਾਲ ਹੈ। ਇਹਨਾ ਤੋਂ ਪੀੜਤ ਹਿੱਸੇ ਸਾਡੇ ਸੰਭਾਵੀ ਸਹਿਯੋਗੀ ਹਨ ਭਾਵੇਂ ਕਿ ਉਹਨਾ ਨਾਲ ਕੁਝ ਗੱਲਾਂ ਉੱਪਰ ਮਤਭੇਦ ਵੀ ਹੋ ਸਕਦੇ ਹਨ। ਸਿੱਖਾਂ ਨੂੰ ਉਕਤ ਅਲਾਮਤਾਂ ਵਿਰੁਧ ਸੰਘਰਸ਼ ਕਰਨ ਵਾਲੇ ਹਿੱਸਿਆਂ ਨਾਲ ਟਕਰਾਅ ਦੀ ਸਥਿਤੀ ਸਿਰਜਣ ਤੋਂ ਹਰ ਸੰਭਵ ਪੱਧਰ ਤੱਕ ਬਚਣਾ ਚਾਹੀਦਾ ਹੈ। ਸਗੋਂ ਇਹਨਾ ਨਾਲ ਆਪਸੀ ਸਾਂਝ ਦੀਆਂ ਸੰਭਾਵਨਾਵਾਂ ਨੂੰ ਅਮਲੀ ਜਾਮਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵੱਲੋਂ:
ਪੰਚ ਪ੍ਰਧਾਨੀ ਪੰਥਕ ਜਥਾ

੨੬ ਚੇਤ ੫੫੭ ਨਾਨਕਸ਼ਾਹੀ
8 ਅਪਰੈਲ 2025 ਈ.