“Parvesh Verma’s Extreme Hate Speech Against Punjabis Unacceptable, Must Apologize: Sarna”

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਜੋ ਸਮੂਹ ਪੰਜਾਬੀਆਂ ਪ੍ਰਤੀ ਅਤਿ ਦਰਜੇ ਦਾ ਨਫ਼ਰਤੀ ਬਿਆਨ ਦਿੱਤਾ ਹੈ । ਉਹ ਕਿਸੇ ਵੀ ਹਾਲਤ ਵਿੱਚ ਸਵੀਕਾਰ ਕਰਨ ਯੋਗ ਨਹੀਂ । ਇਸ ਬਿਆਨ ਲਈ ਪ੍ਰਵੇਸ਼ ਵਰਮਾ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਭਾਜਪਾ ਨੂੰ ਵੀ ਇਸ ਬਿਆਨ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ । 

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਪ੍ਰਵੇਸ਼ ਵਰਮਾ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 1947 ਤੋਂ ਲੈ ਕੇ ਹੁਣ ਤੱਕ ਜੇਕਰ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ ਤਾਂ ਇਸ ਪਿੱਛੇ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ । 1965 ਦੀ ਜੰਗ ਵੇਲੇ ਜੇਕਰ ਇੱਕ ਦਸਤਾਰਧਾਰੀ ਸਿੱਖ ਤੇ ਪੰਜਾਬ ਜਨਰਲ ਹਰਬਖਸ਼ ਸਿੰਘ ਨਾ ਹੁੰਦਾ ਤੇ ਸ਼ਾਇਦ ਪਾਕਿਸਤਾਨ ਦੀ ਹੱਦ ਦਿੱਲੀ ਤੋਂ ਵੀ ਅੱਗੇ ਹੁੰਦੀ । ਇਹ ਪੰਜਾਬ ਦੇ ਸਿੱਖ ਫੌਜੀ ਹੀ ਸਨ ਜਿੰਨਾਂ ਨੇ 1948 ਦੇ ਕਬਾਇਲੀ ਹਮਲੇ ਵੇਲੇ ਸਮੁੱਚੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਣਨ ਤੋਂ ਰੋਕਿਆ । ਪ੍ਰਵੇਸ਼ ਵਰਮਾ ਦਾ ਇਹ ਬਿਆਨ ਦੇਸ਼ ਲਈ ਜਾਨਾਂ ਵਾਰਨ ਵਾਲੇ ਸਮੂਹ ਪੰਜਾਬੀਆਂ ਦਾ ਅਪਮਾਨ ਹੈ । ਇਸਦੇ ਲਈ ਪ੍ਰਵੇਸ਼ ਵਰਮਾ ਦਾ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ । ਇਹ ਬਿਆਨ ਭਾਜਪਾ ਆਗੂਆਂ ਦੀ ਮਨਸ਼ਾ ਜਾਹਰ ਕਰਦਾ ਹੈ ਜੋ ਉਪਰੋਂ ਦਿਖਾਵੇ ਲਈ ਸਿੱਖ ਤੇ ਪੰਜਾਬ ਹਿਤੈਸ਼ੀ ਹੋਣ ਦਾ ਦਿਖਾਵਾ ਕਰਕੇ ਹਨ ਪਰ ਉਹ ਦਿਲੋਂ ਉਹਨਾਂ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਹਨ । ਭਾਜਪਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪ੍ਰਵੇਸ਼ ਵਰਮਾ ਦੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ ਤੇ ਜਾਂ ਭਾਜਪਾ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀ ਮੰਨਦੀ । ਮੈਂ ਕਹਿਣਾ ਚਾਹਾਂਗਾ ਕਿ ਦਿੱਲੀ ਉੱਪਰ ਪੰਜਾਬੀਆਂ ਦਾ ਓਨਾ ਹੀ ਹੱਕ ਹੈ ਜਿੰਨਾ ਹਰ ਦੇਸ਼ ਵਾਸੀ ਹੈ ।