Pollution Board takes action in Amritsar; entire factory sealed following violation of norms
ਅੰਮ੍ਰਿਤਸਰ ‘ਚ ਪ੍ਰਦੂਸ਼ਣ ਬੋਰਡ ਦਾ ਐਕਸ਼ਨ, ਪੂਰੀ ਫੈਕਟਰੀ ਸੀਲ, ਨਿਯਮ ਤੋੜਨ ‘ਤੇ ਡਿੱਗੀ ਗਾਜ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਵਾਤਾਵਰਣ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਦੇ ਮਾਮਲੇ ’ਚ ਮੈਸਰਜ਼ ਅਮਰ ਕਲਰ ਕੈਮ ਇੰਡੀਆ ਪਲਾਟ ਨੰਬਰ 26 ਓਲਡ ਫੋਕਲ ਪੁਆਇੰਟ ਮਹਿਤਾ ਰੋਡ ਅੰਮ੍ਰਿਤਸਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਸ ਦੀ ਪੂਰੀ ਫੈਕਟਰੀ ਅਤੇ ਮਸ਼ੀਨਰੀ, ਜਿਸ ’ਚ ਚੱਲਣ ਵਾਲੇ ਪੁਰਜ਼ੇ, ਡੀ. ਜੀ. ਸੈੱਟ ਅਤੇ ਉਦਯੋਗਿਕ ਇਕਾਈ ਦਾ ਮੁੱਖ ਪ੍ਰਵੇਸ਼ ਦੁਆਰ ਸ਼ਾਮਲ ਹੈ, ਨੂੰ ਸੀਲ ਕਰ ਦਿੱਤਾ ਹੈ। ਉਕਤ ਉਦਯੋਗਿਕ ਇਕਾਈ ’ਚ ਬੇਸਿਕ ਡਾਈਜ਼ ਅਤੇ ਇੰਟਰਮੀਡੀਏਟਸ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਇਕਾਈ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੋਂ ਨਿਕਲਣ ਵਾਲੀਆਂ ਤੇਜ਼ ਬਦਬੂ ਵਾਲੀਆਂ ਗੈਸਾਂ ਕਾਰਨ ਆਲੇ-ਦੁਆਲੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਫੋਕਲ ਪੁਆਇੰਟ ਖੇਤਰ ਦੀ ਮੁੱਖ ਸੀਵਰੇਜ ਲਾਈਨ ’ਚ ਰੰਗਦਾਰ ਅਤੇ ਪ੍ਰਦੂਸ਼ਿਤ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ। ਬੋਰਡ ਵੱਲੋਂ ਨਿੱਜੀ ਸੁਣਵਾਈ ਸਮੇਤ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਉਦਯੋਗ ਪ੍ਰਬੰਧਨ ਨੇ ਵਾਤਾਵਰਣ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੋਈ ਪ੍ਰਭਾਵਸ਼ਾਲੀ ਸੁਧਾਰਾਤਮਕ ਕਦਮ ਨਹੀਂ ਚੁੱਕੇ। ਇਸ ਦੇ ਸਿੱਟੇ ਵਜੋਂ ਬੋਰਡ ਨੇ ਜਲ (ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ) ਐਕਟ, 1974 ਦੀ ਧਾਰਾ 33-ਏ ਅਤੇ ਹਵਾ (ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ) ਐਕਟ, 1981 ਦੀ ਧਾਰਾ 31-ਏ ਤਹਿਤ ਉਦਯੋਗ ਨੂੰ ਬੰਦ ਕਰਨ, ਬਿਜਲੀ ਸਪਲਾਈ ਕੱਟਣ ਅਤੇ ਡੀ. ਜੀ. ਸੈੱਟ ਨੂੰ ਸੀਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਨਿਰਦੇਸ਼ਾਂ ਨੂੰ 12 ਜੂਨ, 2026 ਨੂੰ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਸੀ। ਹਾਲਾਂਕਿ 30 ਜੂਨ 2026 ਨੂੰ ਕੀਤੇ ਗਏ ਨਿਰੀਖਣ ਦੌਰਾਨ ਡੀ. ਜੀ. ਸੈੱਟ ਦੇ ਘੁੰਮਣ ਵਾਲੇ ਹਿੱਸਿਆਂ ’ਤੇ ਲੱਗੀਆਂ ਸੀਲਾਂ ਅੰਦਰੋਂ ਟੁੱਟੀਆਂ ਹੋਈਆਂ ਪਾਈਆਂ ਗਈਆਂ, ਜਦਕਿ ਇਸ ਦੀ ਕੈਨੋਪੀ ਦੇ ਦਰਵਾਜ਼ੇ ਦੀਆਂ ਸੀਲਾਂ ਸਹੀ-ਸਲਾਮਤ ਸਨ। ਇਸ ਤੋਂ ਇਲਾਵਾ ਡੀ. ਜੀ. ਸੈੱਟ ਗਰਮ ਪਾਇਆ ਗਿਆ, ਜਿਸ ਤੋਂ ਇਸ ਦੇ ਹਾਲ ਹੀ ’ਚ ਚਲਾਏ ਜਾਣ ਦਾ ਸੰਕੇਤ ਮਿਲਿਆ। ਕੰਪਲੈਕਸ ਦੇ ਅੰਦਰ 10 ਕੇ. ਵੀ. ਏ. ਸਮਰੱਥਾ ਵਾਲਾ ਇਕ ਹੋਰ ਡੀ. ਜੀ. ਸੈੱਟ ਵੀ ਲੱਗਾ ਪਾਇਆ ਗਿਆ, ਜਿਸ ਦੀ ਕਥਿਤ ਤੌਰ ’ਤੇ ਦਫ਼ਤਰ ਨੂੰ ਬਿਜਲੀ ਸਪਲਾਈ ਦੇਣ ਲਈ ਵਰਤੋਂ ਕੀਤੀ ਜਾ ਰਹੀ ਸੀ। ਇਸ ਸਬੰਧੀ ਬੋਰਡ ਵੱਲੋਂ 15 ਜੁਲਾਈ, 2026 ਨੂੰ ਉਦਯੋਗ ਦੇ ਮਾਲਕ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿਖੇ ਭਾਰਤੀ ਨਿਆਂ ਸੰਹਿਤਾ, 2023, ਜਲ ਐਕਟ, 1974 ਅਤੇ ਹਵਾ ਐਕਟ, 1981 ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ। ਇਸ ਦੇ ਬਾਵਜੂਦ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟਣ ਅਤੇ ਪਹਿਲਾਂ ਐੱਫ. ਆਈ. ਆਰ. ਦਰਜ ਹੋਣ ਦੇ ਬਾਵਜੂਦ ਉਦਯੋਗ ਦੇ ਲਗਾਤਾਰ ਚੱਲਣ ਸਬੰਧੀ ਸ਼ਿਕਾਇਤਾਂ ਮਿਲਦੀਆਂ ਰਹੀਆਂ। ਇਨ੍ਹਾਂ ਲਗਾਤਾਰ ਉਲੰਘਣਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਬੋਰਡ ਦੇ ਸਮਰੱਥ ਅਧਿਕਾਰੀ ਨੇ ਉਦਯੋਗ ਦੀ ਪੂਰੀ ਫੈਕਟਰੀ ਅਤੇ ਮਸ਼ੀਨਰੀ ਸਮੇਤ ਮੁੱਖ ਪ੍ਰਵੇਸ਼ ਦੁਆਰ ਨੂੰ ਸੀਲ ਕਰਨ ਦੇ ਨਵੇਂ ਨਿਰਦੇਸ਼ ਜਾਰੀ ਕੀਤੇ। ਬੋਰਡ ਦੇ ਅਧਿਕਾਰੀਆਂ ਵੱਲੋਂ 19 ਨਵੰਬਰ 2026 ਨੂੰ ਕੀਤੇ ਗਏ ਨਿਰੀਖਣ ਦੌਰਾਨ ਤਿਆਰ ਉਤਪਾਦਾਂ ਦੀ ਪੈਕਿੰਗ ਦਾ ਕੰਮ ਹੁੰਦਾ ਪਾਇਆ ਗਿਆ ਅਤੇ ਕੰਪਲੈਕਸ ਦੇ ਅੰਦਰ ਮੁਲਾਜ਼ਮ ਵੀ ਮੌਜੂਦ ਸਨ। ਇਸ ਤੋਂ ਸਪੱਸ਼ਟ ਹੋਇਆ ਕਿ ਪਹਿਲਾਂ ਜਾਰੀ ਕੀਤੇ ਗਏ ਬੰਦ ਕਰਨ ਦੇ ਨਿਰਦੇਸ਼ਾਂ ਅਤੇ ਐੱਫ. ਆਈ. ਆਰ. ਦਰਜ ਹੋਣ ਦੇ ਬਾਵਜੂਦ ਉਦਯੋਗ ਨਾਲ ਸਬੰਧਤ ਗਤੀਵਿਧੀਆਂ ਜਾਰੀ ਸਨ। ਇਨ੍ਹਾਂ ਲਗਾਤਾਰ ਉਲੰਘਣਾਵਾਂ ਨੂੰ ਦੇਖਦਿਆਂ ਬੋਰਡ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ 19 ਨਵੰਬਰ 2026 ਨੂੰ ਉਦਯੋਗ ਦੇ ਮਾਲਕ ਖ਼ਿਲਾਫ਼ ਦੂਜੀ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਹੈ। ਇਸ ਸਬੰਧੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਚਾਹਲ ਵਾਤਾਵਰਣ ਇੰਜੀਨੀਅਰ ਖੇਤਰੀ ਦਫ਼ਤਰ ਅੰਮ੍ਰਿਤਸਰ, ਇੰਜੀਨੀਅਰ ਬਚਨ ਪਾਲ ਸਿੰਘ ਵਾਤਾਵਰਣ ਇੰਜੀਨੀਅਰ ਜ਼ੋਨਲ ਦਫ਼ਤਰ ਅੰਮ੍ਰਿਤਸਰ, ਇੰਜੀਨੀਅਰ ਲਖਵਿੰਦਰ ਕੁਮਾਰ, ਏ. ਈ. ਈ. ਅਤੇ ਇੰਜੀਨੀਅਰ ਸੁਖਮਨੀ ਸਿੰਘ, ਏ. ਈ. ਈ. ਦੀ ਟੀਮ ਵੱਲੋਂ 19 ਨਵੰਬਰ 2026 ਨੂੰ ਸੀਲਿੰਗ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਅਮਨਦੀਪ ਕੌਰ, ਐੱਸ. ਐੱਚ. ਓ., ਥਾਣਾ ਮਕਬੂਲਪੁਰਾ, ਅੰਗਦ ਬਰਾੜ, ਨਾਇਬ ਤਹਿਸੀਲਦਾਰ, ਅੰਮ੍ਰਿਤਸਰ-1, ਬਤੌਰ ਡਿਊਟੀ ਮੈਜਿਸਟ੍ਰੇਟ ਅਤੇ ਹੋਰ ਸਹਾਇਕ ਸਟਾਫ਼ ਵੀ ਮੌਜੂਦ ਸੀ। ਲੋੜੀਂਦੀ ਪੁਲਸ ਸਹਾਇਤਾ ਨਾਲ ਉਦਯੋਗ ਦੇ ਮਾਲਕ ਰੋਹਿਤ ਹਾਂਡਾ ਦੀ ਹਾਜ਼ਰੀ ’ਚ ਪੂਰੀ ਫੈਕਟਰੀ ਅਤੇ ਮਸ਼ੀਨਰੀ, ਜਿਸ ’ਚ ਚੱਲਣ ਵਾਲੇ ਪੁਰਜ਼ੇ, ਡੀ. ਜੀ. ਸੈੱਟ ਅਤੇ ਉਦਯੋਗਿਕ ਇਕਾਈ ਦਾ ਮੁੱਖ ਪ੍ਰਵੇਸ਼ ਦੁਆਰ ਸ਼ਾਮਲ ਹੈ, ਨੂੰ ਸੀਲ ਕਰ ਦਿੱਤਾ ਗਿਆ।

