Press conference of Shiromani Akali Dal Punar Surjit President Giani Harpreet Singh, serious allegations on SGPC
ਸ਼੍ਰੌਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰੈਸ ਕਾਨਫਰੰਸ, ਐਸਜੀਪੀਸੀ ’ਤੇ ਗੰਭੀਰ ਦੋਸ਼

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਕਾਰਗੁਜ਼ਾਰੀ ਅਤੇ ਸਿੱਖ ਪੰਥ ਨਾਲ ਜੁੜੇ ਗੰਭੀਰ ਮਸਲਿਆਂ ’ਤੇ ਖੁੱਲ੍ਹ ਕੇ ਗੱਲ ਕੀਤੀ ਗਈ। ਮੀਡੀਆ ਨਾਲ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚ ਕੇ ਇੱਕ ਮੈਨੇਜਰ ਵੱਲੋਂ ਨਿੱਜੀ ਖਾਤੇ ਵਿੱਚ ਪੈਸਾ ਜਮ੍ਹਾ ਕਰਵਾਉਣਾ ਸਿੱਧੀ ਤਰ੍ਹਾਂ ਭ੍ਰਿਸ਼ਟਾਚਾਰ ਹੈ ਅਤੇ ਇਹ ਬਿਨਾਂ ਕਿਸੇ ਵੱਡੀ ਤਾਕਤ ਦੀ ਸ਼ਹਿ ਤੋਂ ਸੰਭਵ ਨਹੀਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਸੰਗਤ ਦੇ ਸਾਹਮਣੇ ਲਿਆਂਦਾ ਜਾਣਾ ਲਾਜ਼ਮੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਐਸਜੀਪੀਸੀ ਦੇ ਅੰਦਰ ਬੈਠੇ ਕੁਝ ਅਧਿਕਾਰੀ ਸਿੱਖ ਸੰਸਥਾਵਾਂ ਦੀ ਸੰਪਤੀ ਨਾਲ ਖੇਡ ਰਹੇ ਹਨ, ਜਿਸ ਨਾਲ ਪੂਰੀ ਸਿੱਖ ਕੌਮ ਦੁਖੀ ਹੈ।
ਉਨ੍ਹਾਂ 328 ਪਾਵਨ ਸਰੂਪਾਂ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਇਸ ਮਾਮਲੇ ਵਿੱਚ ਅੰਕੜੇ ਬਦਲੇ ਗਏ ਅਤੇ 190 ਪਾਵਨ ਸਰੂਪਾਂ ਦੀ ਛਪਾਈ ਨਾਲ ਜੁੜੀਆਂ ਗੰਭੀਰ ਗੜਬੜਾਂ ਵੀ ਸਾਹਮਣੇ ਆਈਆਂ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਛਪਾਈ ਦੌਰਾਨ ਕਾਗਜ਼ ਦੀ ਗੁਣਵੱਤਾ ਅਤੇ ਪ੍ਰਿੰਟਿੰਗ ਮਸ਼ੀਨ ਦੀ ਗਲਤੀ ਕਾਰਨ ਸਰੂਪਾਂ ਦੇ ਅੱਖਰ ਦੂਜੇ ਪਾਸੇ ਵੀ ਦਿੱਖ ਰਹੇ ਸਨ। ਇਸ ਸਬੰਧ ਵਿੱਚ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬਿਨਾਂ ਪੂਰੀ ਜਾਂਚ ਕੀਤੇ ਕਿਸੇ ਵੀ ਪਾਵਨ ਸਰੂਪ ਦਾ ਸਸਕਾਰ ਕਰਨਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ।
ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਸਮਝੌਤਿਆਂ ’ਤੇ ਵੀ ਸਪਸ਼ਟ ਰੁਖ ਅਪਣਾਇਆ। ਉਨ੍ਹਾਂ ਕਿਹਾ ਕਿ ਸੱਤਾ ਪ੍ਰਾਪਤੀ ਲਈ ਕੀਤੇ ਗਏ ਸਮਝੌਤੇ ਬੇਮੁੱਲੇ ਹੁੰਦੇ ਹਨ। ਸਿਧਾਂਤਾਂ ਅਤੇ ਫ਼ਲਸਫ਼ੇ ’ਤੇ ਆਧਾਰਿਤ ਸਮਝੌਤੇ ਹੀ ਟਿਕਾਊ ਹੁੰਦੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਜਦ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਉਸ ਸਮੇਂ ਤੱਕ ਕਿਸੇ ਵੀ ਤਰ੍ਹਾਂ ਦਾ ਗਠਜੋੜ ਸੰਭਵ ਨਹੀਂ।
ਉਨ੍ਹਾਂ ਡੇਰਾਵਾਦ ’ਤੇ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ 1947 ਤੋਂ ਬਾਅਦ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਗੁਰਧਾਮਾਂ ਅਤੇ ਗੁਰਬਾਣੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿਆਸੀ ਪਾਰਟੀਆਂ ਵੱਲੋਂ ਡੇਰਿਆਂ ਨੂੰ ਪ੍ਰੋਤਸਾਹਨ ਦੇਣਾ ਪੰਜਾਬ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਾਬਤ ਹੋ ਸਕਦਾ ਹੈ।
ਅੰਤ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਭਵਿੱਖ ਵਿੱਚ ਐਸਜੀਪੀਸੀ ਦੀ ਜ਼ਿੰਮੇਵਾਰੀ ਮਿਲੀ ਤਾਂ 1999 ਤੋਂ ਅੱਜ ਤੱਕ ਹੋਏ ਜ਼ਮੀਨੀ ਘੋਟਾਲਿਆਂ ’ਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
