‘Punjab Bandh’ has a huge impact in Dera Bassi, traffic is completely stopped
ਡੇਰਾਬੱਸੀ ’ਚ ‘ਪੰਜਾਬ ਬੰਦ’ ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ
ਡੇਰਾਬੱਸੀ (ਆਵਾਜ਼ਿ ਕੌਮ ਬਿਊਰੋ)-ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਲੈ ਕੇ ਅੱਜ ਡੇਰਾਬੱਸੀ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ਹਿਰ ਦੀਆਂ ਜ਼ਿਆਦਾਤਰ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਗਿਆ। ਬੰਦ ਦੇ ਚੱਲਦਿਆਂ ਮੁੱਖ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਕਈ ਥਾਵਾਂ ’ਤੇ ਸੜਕਾਂ ਸੁੰਨੀਆਂ ਨਜ਼ਰ ਆਈਆਂ। ਸ਼ੁੱਕਰਵਾਰ ਸਵੇਰੇ ਕਰੀਬ 9:45 ਵਜੇ ਤੱਕ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਅਤੇ ਮਾਰਕੀਟਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਨਜ਼ਰ ਆਈਆਂ। ਸ਼ਹਿਰ ‘ਚ ਬੰਦ ਦਾ ਅਸਰ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਦੇਖਿਆ ਜਾ ਰਿਹਾ ਹੈ। ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਬੰਦ ਨੂੰ ਸਮਰਥਨ ਦਿੱਤਾ ਗਿਆ। ਇੱਕਾ-ਦੁੱਕਾ ਵਾਹਨਾਂ ਨੂੰ ਛੱਡ ਕੇ ਬਜ਼ਾਰਾਂ ‘ਚ ਆਵਾਜਾਈ ਵੀ ਬੇਹੱਦ ਘੱਟ ਦਿਖਾਈ ਦਿੱਤੀ। ਸਥਿਤੀ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਐੱਸ. ਐੱਚ. ਓ. ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਸ਼ਹਿਰ ਅੰਦਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਪੁਲਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਲਗਾਤਾਰ ਗਸ਼ਤ ਕੀਤੀ ਗਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਨਿਗਰਾਨੀ ਰੱਖੀ ਗਈ। ਮੁੱਖ ਚੌਕਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵੀ ਪੁਲਸ ਦੀ ਤਾਇਨਾਤੀ ਰਹੀ। ਇਸੇ ਤਰ੍ਹਾਂ ਲਾਲੜੂ ਸਰਕਲ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਸਰਸੀਣੀ ਦੀ ਅਗਵਾਈ ‘ਚ ਵੀ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲੋਕਾਂ ‘ਚ ਰੋਸ ਹੈ। ਕੁੱਲ ਮਿਲਾ ਕੇ ਬੰਦ ਦੌਰਾਨ ਡੇਰਾਬੱਸੀ ‘ਚ ਹਾਲਾਤ ਪੁਲਸ ਦੀ ਨਿਗਰਾਨੀ ਹੇਠ ਸ਼ਾਂਤਮਈ ਰਹੇ। ਇਸ ਮੌਕੇ ਬਖਸ਼ੀਸ਼ ਸਿੰਘ ਭੱਟੀ, ਭੁਪਿੰਦਰ ਸਿੰਘ ਸੁੰਡਰਾ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਝਰਮੜੀ, ਪ੍ਰਕਾਸ਼ ਸਿੰਘ, ਸ਼ੇਰ ਸਿੰਘ, ਲਾਲ ਸਿੰਘ ,ਜਸਵਿੰਦਰ ਸਿੰਘ, ਹਰਕੇਸ਼ ਸਿੰਘ, ਜਸਵਿੰਦਰ ਸਿੰਘ ਸਮੇਤ ਭਾਰੀ ਗਿਣਤੀ ‘ਚ ਪਾਰਟੀ ਆਗੂ ਹਾਜ਼ਰ ਰਹੇ।

