Punjab: Father of two brutally murdered, elder brother also murdered a day before…
ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਵੱਡੇ ਭਰਾ ਨੂੰ ਵੀ…
ਅਜਨਾਲਾ (ਆਵਾਜ਼ਿ ਕੌਮ ਬਿਊਰੋ)-ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਬੱਚਿਆਂ ਦੇ ਪਿਤਾ ਦਾ ਕਥਿਤ ਤੌਰ ’ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤੇੜਾ ਰਾਜਪੂਤਾਂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕੁਲਜੀਤ ਸਿੰਘ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਮੁਖੀ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਸ ਝਗੜੇ ਦੀ ਸ਼ੁਰੂਆਤ ਇੱਕ ਦਿਨ ਪਹਿਲਾਂ ਸੜਕ ‘ਤੇ ਬਾਈਕ ਰੁਕਣ ਨੂੰ ਲੈ ਕੇ ਹੋਈ ਸੀ। ਉਨ੍ਹਾਂ ਕਿਹਾ ਰਸਤੇ ਵਿੱਚ ਬਾਈਕ ਬੰਦ ਹੋ ਗਈ ਸੀ, ਜਿਸ ਦੌਰਾਨ ਦੂਜੇ ਪੱਖ ਦੇ ਲੋਕਾਂ ਨੇ ਬਾਈਕ ਨੂੰ ਸੜਕ ਤੋਂ ਸਾਈਡ ‘ਤੇ ਕਰਨ ਲਈ ਕਿਹਾ ਤਾਂ ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਮਾਮੂਲੀ ਬਹਿਸਬਾਜ਼ੀ ਹੋ ਗਈ ਸੀ। ਇਸ ਦੌਰਾਨ ਹਮਲਾਵਰਾਂ ਨੇ ਮ੍ਰਿਤਕ ਦੇ ਵੱਡੇ ਭਰਾ ਸੱਤਾ ਸਿੰਘ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਦਕਿ ਅੱਜ ਉਸ ਦੇ ਛੋਟੇ ਭਰਾ ਕੁਲਜੀਤ ਸਿੰਘ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਜਾਣਕਾਰੀ ਸਾਂਝੇ ਕਰਦੇ ਥਾਣਾ ਅਜਨਾਲਾ ਦੇ ਮੁਖੀ ਅਜੇਪਾਲ ਸਿੰਘ ਨੇ ਦੱਸਿਆ ਕਿ ਪਿੰਡ ਤੇੜਾ ਰਾਜਪੂਤਾ ਵਿੱਚ ਇੱਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

