Punjab Govt’s Health Revolution Claims Exposed – MRI & CT Scan Only in 6 Districts
ਪੰਜਾਬ ਸਰਕਾਰ ਦੇ ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ – ਸਿਰਫ਼ 6 ਜ਼ਿਲ੍ਹਿਆਂ ਵਿੱਚ MRI ਅਤੇ CT ਸਕੈਨ

27 ਜਨਵਰੀ 2026, ਚੰਡੀਗੜ੍ਹ – ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਖੁਦ ਦਿੱਤੀ ਜਾਣਕਾਰੀ ਵਿੱਚ ਮੰਨਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਸਿਰਫ਼ 6 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਹੀ MRI ਅਤੇ CT ਸਕੈਨ ਸਹੂਲਤ ਉਪਲਬਧ ਹੈ। ਇਸ ਜਾਣਕਾਰੀ ‘ਤੇ ਹਾਈ ਕੋਰਟ ਨੇ ਹੈਰਾਨੀ ਜਤਾਈ ਅਤੇ ਸਰਕਾਰ ਤੋਂ 2 ਹਫ਼ਤਿਆਂ ਵਿੱਚ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੀ ਪੂਰੀ ਰਿਪੋਰਟ ਮੰਗੀ ਹੈ।
ਪਟੀਸ਼ਨਕਰਤਾ ਨੇ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ICU ਵੀ ਨਹੀਂ ਹੈ ਅਤੇ ਬੁਨਿਆਦੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਪ੍ਰੀਸ਼ਾਨੀਆਂ ਹੋ ਰਹੀਆਂ ਹਨ। ਹਾਈ ਕੋਰਟ ਨੇ ਸਰਕਾਰ ਨੂੰ ਸਖ਼ਤ ਨੋਟਿਸ ਜਾਰੀ ਕੀਤਾ ਹੈ ਅਤੇ ਪੁੱਛਿਆ ਹੈ ਕਿ ਕਦੋਂ ਤੱਕ ਸਾਰੇ ਹਸਪਤਾਲਾਂ ਵਿੱਚ MRI ਅਤੇ CT ਸਕੈਨ ਦੀ ਸਹੂਲਤ ਉਪਲਬਧ ਹੋਵੇਗੀ। ਇਹ ਖੁਲਾਸਾ ਪੰਜਾਬ ਸਰਕਾਰ ਦੇ ‘ਸਿਹਤ ਕ੍ਰਾਂਤੀ’ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਵੱਡੇ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਿਹਾ ਹੈ।
ਸੰਗਤ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਸਿਹਤ ਵਿਭਾਗ ਦੀ ਨਾਕਾਮੀ ਕਰਾਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਸਾਰੇ ਜ਼ਿਲ੍ਹਿਆਂ ਵਿੱਚ ਅਡਵਾਂਸਡ ਸਿਹਤ ਸਹੂਲਤਾਂ ਉਪਲਬਧ ਕਰਵਾਏ। ਹਾਈ ਕੋਰਟ ਦੀ ਅਗਲੀ ਸੁਣਵਾਈ ਵਿੱਚ ਸਰਕਾਰ ਨੂੰ ਰਿਪੋਰਟ ਪੇਸ਼ ਕਰਨੀ ਪਵੇਗੀ।
