If the NOC/NDC is not obtained, the application forms can be submitted along with an affidavit.-ਪੰਚਾਇਤੀ ਚੋਣਾਂ- ਐਨ.ਓ.ਸੀ/ ਐਨ.ਡੀ.ਸੀ. ਨਾ ਮਿਲਣ ‘ਤੇ ਹਲਫਨਾਮੇ ਦੇ ਨਾਲ ਦਾਖ਼ਲ ਕੀਤੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ

ਫਾਈਲ ਫੋਟੋ ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ

ਜੰਡਿਆਲਾ ਗੁਰੂ 27 ਸਤੰਬਰ ( ਕੁਲਵੰਤ ਸਿੰਘ ਵਿਰਦੀ) ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਨੂੰ ਲੈ ਕੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜੇਕਰ ਕਿਸੇ ਉਮੀਦਵਾਰ ਨੂੰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਾਮਜ਼ਦਗੀ ਪੱਤਰ ਦੇ ਨਾਲ ਲਾਉਣ ਲਈ ਕਿਸੇ ਵੀ ਕਿਸਮ ਦੇ ਟੈਕਸ ਦੇ ਏਰੀਅਰ ਦੇ ਬਕਾਏ ਜਾਂ ਕਿਸੇ ਵੀ ਕਿਸਮ ਦੇ ਹੋਰ ਬਕਾਏ ਬਾਬਤ ਨੋ ਡੀਊ ਸਰਟੀਫਿਕੇਟ (ਐਨ.ਡੀ.ਸੀ.) ਸਬੰਧਤ ਅਥਾਰਟੀ ਵੱਲੋਂ ਜਾਰੀ ਨਹੀਂ ਹੁੰਦਾ ਜਾਂ ਕਿਸੇ ਵੀ ਅਥਾਰਟੀ ਦੀ ਕਿਸੇ ਵੀ ਕਿਸਮ ਦੀ ਜਾਇਦਾਦ ਉੱਤੇ ਕਬਜ਼ੇ ਸਬੰਧੀ ਨੋ ਅਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ) ਜਾਰੀ ਨਹੀਂ ਹੁੰਦਾ ਤਾਂ ਸਬੰਧਤ ਉਮੀਦਵਾਰ ਆਪਣੇ ਵੱਲੋਂ ਇੱਕ ਹਲਫਨਾਮਾ ਨਾਮਜ਼ਦਗੀ ਪੱਤਰ ਦੇ ਨਾਲ ਲਾ ਕੇ ਕਾਗਜ਼ ਦਾਖਲ ਕਰ ਸਕਦਾ ਹੈ। ਉਮੀਦਵਾਰ ਇਹ ਹਲਫਨਾਮਾ ਦੇਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਬਾਬਤ ਉਸ ਦੇ ਵੱਲ ਕਿਸੇ ਵੀ ਕਿਸਮ ਦੇ ਟੈਕਸਾਂ ਦੇ ਏਰੀਅਰ ਦਾ ਬਕਾਇਆ ਜਾਂ ਕੋਈ ਹੋਰ ਬਕਾਇਆ ਨਹੀਂ ਖੜ੍ਹਾ ਹੈ। ਨਾ ਹੀ ਕਿਸੇ ਅਥਾਰਟੀ ਦੀ ਜਾਇਦਾਦ ਉੱਤੇ ਉਸ ਵੱਲੋਂ ਕੋਈ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ (ਆਰ.ਓ.) ਵੱਲੋਂ ਅਜਿਹੇ ਨਾਮਜ਼ਦਗੀ ਪੱਤਰ ਸਬੰਧਤ ਅਥਾਰਟੀਆਂ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਰਿਪੋਰਟ ਦੇਣ ਦੀ ਹਦਾਇਤ ਦੇ ਨਾਲ ਭੇਜੇ ਜਾਣਗੇ। ਜੇਕਰ 24 ਘੰਟਿਆਂ ਦੇ ਵਿੱਚ-ਵਿੱਚ ਸਬੰਧਤ ਅਥਾਰਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਮੰਨ ਲਿਆ ਜਾਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਸਬੰਧੀ ਉਮੀਦਵਾਰ ਕਿਸੇ ਵੀ ਕਿਸਮ ਦਾ ਡਿਫਾਲਟਰ ਨਹੀਂ ਹੈ ਅਤੇ ਨਾ ਹੀ ਉਸ ਨੇ ਅਣ ਅਧਿਕਾਰਤ ਤੌਰ ‘ਤੇ ਕੋਈ ਕਬਜ਼ਾ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਅਧਿਕਾਰੀਆਂ ਨੂੰ ਇਹਨਾਂ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ ਲਈ ਕਹਿ ਦਿੱਤਾ ਗਿਆ ਹੈ।