ਮਹਾਨਕੋਸ਼ ਸਬੰਧੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਰਵਾਈ ਪੰਥਕ ਮਰਯਾਦਾ ਦੇ ਵਿਰੁੱਧ : ਬੀਬੀ ਸਤਵੰਤ ਕੌਰ

ਪਟਿਆਲਾ, 28 ਅਗਸਤ 2025 ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਾਨਕੋਸ਼ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਨੂੰ ਨਸ਼ਟ ਕਰਨ ਦੇ ਤਰੀਕੇ ’ਤੇ ਗੰਭੀਰ ਚਿੰਤਾ ਜਤਾਈ ਹੈ। ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਸਿੱਖ ਪੰਥ ਦੀਆਂ ਰਿਵਾਇਤਾਂ ਅਤੇ ਮਰਯਾਦਾ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸ ਨੇ ਸੰਗਤ ਵਿੱਚ ਰੋਸ ਪੈਦਾ ਕਰ ਦਿੱਤਾ ਹੈ।
ਬੀਬੀ ਸਤਵੰਤ ਕੌਰ ਨੇ ਆਪਣੇ ਜਾਰੀ ਬਿਆਨ ਵਿੱਚ ਕਿਹਾ ਕਿ ਮਹਾਨਕੋਸ਼, ਜੋ ਭਾਈ ਕਾਹਨ ਸਿੰਘ ਨਾਭਾ ਦੀ ਮਹਾਨ ਰਚਨਾ ਹੈ, ਸਿਰਫ਼ ਇੱਕ ਕੋਸ਼ ਜਾਂ ਪੁਸਤਕ ਨਹੀਂ, ਸਗੋਂ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਸ਼ਬਦਾਵਲੀ ਅਤੇ ਪੰਥਕ ਧਰੋਹਰ ਦਾ ਜੀਵੰਤ ਦਰਪਣ ਹੈ। ਇਸ ਦੇ ਪ੍ਰਕਾਸ਼ਨ ਅਤੇ ਸੰਭਾਲ ਵਿੱਚ ਸਿੱਖ ਮਰਯਾਦਾ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਗਲਤੀਆਂ ਵਾਲੀਆਂ ਕਾਪੀਆਂ ਛਪੀਆਂ ਸਨ, ਤਾਂ ਉਹਨਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਜਾਣਾ ਚਾਹੀਦਾ ਸੀ ਜਾਂ ਪੰਥਕ ਰਿਵਾਇਤ ਅਨੁਸਾਰ ਸਤਿਕਾਰ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਸੀ।
ਬੀਬੀ ਸਤਵੰਤ ਕੌਰ ਨੇ ਸਮੁੱਚੀ ਸਿੱਖ ਸੰਗਤ ਨੂੰ ਯਾਦ ਦਿਵਾਇਆ ਕਿ ਸਿੱਖ ਪੰਥ ਦੀਆਂ ਪਰੰਪਰਾਵਾਂ ਵਿੱਚ, ਕੌਮੀ ਧਰੋਹਰ ਨਾਲ ਜੁੜੀਆਂ ਰਚਨਾਵਾਂ ਜਾਂ ਅਦਾਰਿਆਂ ਦੇ ਕੰਮਾਂ ਵਿੱਚ ਪੰਥਕ ਸਹਿਮਤੀ ਅਤੇ ਸਿੱਖ ਇਤਿਹਾਸਕ ਅਦਾਰਿਆਂ ਨਾਲ ਸਲਾਹ-ਮਸ਼ਵਰਾ ਲਾਜ਼ਮੀ ਹੁੰਦਾ ਹੈ। ਜੇਕਰ ਇਹ ਪ੍ਰਕਿਰਿਆ ਨਜ਼ਰਅੰਦਾਜ਼ ਕੀਤੀ ਜਾਂਦੀ ਹੈ, ਤਾਂ ਇਹ ਸਿੱਖ ਮਰਯਾਦਾ ਦੀ ਸਿੱਧੀ ਉਲੰਘਣਾ ਮੰਨੀ ਜਾਂਦੀ ਹੈ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ’ਤੇ ਇਹ ਦੋਸ਼ ਵੀ ਲਾਇਆ ਕਿ 15 ਹਜ਼ਾਰ ਤੋਂ ਵੱਧ ਕਾਪੀਆਂ ਦੀ ਗਲਤੀਆਂ ਸਹਿਤ ਛਪਾਈ ਅਤੇ ਨਸ਼ਟ ਕਰਨ ਦੀ ਪ੍ਰਕਿਰਿਆ ਵਿੱਚ ਸਿੱਖ ਜਥੇਬੰਦੀਆਂ ਅਤੇ ਗੁਰਮਤਿ ਸਿਧਾਂਤਾਂ ਨੂੰ ਅਣਡਿੱਠ ਕੀਤਾ ਗਿਆ, ਜੋ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ।
ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਤਿੰਨ ਮੁੱਖ ਮੰਗਾਂ ਰੱਖੀਆਂ:
- ਇਸ ਮਾਮਲੇ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਲਿਖਤੀ ਸਪਸ਼ਟੀਕਰਨ ਜਾਰੀ ਕਰੇ।
- ਭਵਿੱਖ ਵਿੱਚ ਮਹਾਨਕੋਸ਼ ਜਾਂ ਹੋਰ ਪੰਥਕ ਧਰੋਹਰ ਨਾਲ ਜੁੜੇ ਪ੍ਰਕਾਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਮੁੱਖ ਸਿੱਖ ਵਿਦਵਾਨਾਂ ਨਾਲ ਸਲਾਹ-ਮਸ਼ਵਰੇ ਨਾਲ ਹੀ ਕੀਤੇ ਜਾਣ।
- ਹੁਣ ਵਰਤਿਆ ਗਿਆ ਧਰਤੀ ਵਿੱਚ ਦੱਬਣ ਜਾਂ ਫਾੜਨ ਦਾ ਤਰੀਕਾ ਬੰਦ ਕਰਕੇ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਬੀਬੀ ਸਤਵੰਤ ਕੌਰ ਨੇ ਸਿੱਖ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਭੜਕਾਹਟ ਤੋਂ ਬਚਣ ਦੀ ਅਪੀਲ ਕੀਤੀ। ਉਹਨਾਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਤਿੱਖੀ ਬਿਆਨਬਾਜ਼ੀ ਜਾਂ ਅਣਉਚਿਤ ਸ਼ਬਦਾਵਲੀ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦਿੱਤੀ।