ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ: ਫੋਰਟਿਸ ਹਸਪਤਾਲ ਮੋਹਾਲੀ ਦਾ ਮੈਡੀਕਲ ਬੁਲੇਟਿਨ, ਨਿਉਰੋਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਕਰ ਰਹੀ ਇਲਾਜ

ਮੋਹਾਲੀ, 28 ਸਤੰਬਰ 2025 ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ। ਬੁਲੇਟਿਨ ਅਨੁਸਾਰ, “ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਪੋਰਟ ‘ਤੇ ਹਨ। ਨਿਉਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ।”
ਰਾਜਵੀਰ ਜਵੰਦਾ ਨਾਲ 26 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬਾਦੀ ਨੇੜੇ ਬਾਈਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਉਹਨਾਂ ਨੂੰ ਸਿਰ ਅਤੇ ਮੇਰੇ ਦੋਸ਼ ਵਿੱਚ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਵੈਂਟੀਲੇਟਰ ‘ਤੇ ਹਨ। ਡਾਕਟਰਾਂ ਨੇ ਦੱਸਿਆ ਕਿ ਸਿਰ ਦੀ ਸੱਟ ਕਾਰਨ ਸਥਿਤੀ ਗੰਭੀਰ ਹੈ, ਪਰ ਉਹ ਸਥਿਰਤਾ ਵੱਲ ਵਧ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਹਿਲਾਂ ਅਪਡੇਟ ਦਿੱਤਾ ਸੀ ਕਿ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਪਰ ਹਸਪਤਾਲ ਦੇ ਤਾਜ਼ਾ ਬੁਲੇਟਿਨ ਨੇ ਸਥਿਤੀ ਨੂੰ ਗੰਭੀਰ ਦੱਸਿਆ ਹੈ। ਪੰਜਾਬੀ ਸੰਗੀਤ ਜਗਤ ਦੇ ਕਈ ਕਲਾਕਾਰ, ਜਿਵੇਂ ਕਿ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਅਤੇ ਜੱਸ ਬਾਜਵਾ, ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਸਹਿਯੋਗ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਰਾਜਾ ਵਾਰਿੰਗ ਸਮੇਤ ਨੇਤਾਵਾਂ ਨੇ ਵੀ ਤੰਦਰੁਸਤੀ ਦੀਆਂ ਅਰਦਾਸਾਂ ਕੀਤੀਆਂ ਹਨ।
ਸੋਸ਼ਲ ਮੀਡੀਆ ’ਤੇ ਰਾਜਵੀਰ ਜਵੰਦਾ ਲਈ ਅਰਦਾਸਾਂ ਦੀ ਲਹਿਰ ਜਾਰੀ ਹੈ ਅਤੇ ਫੈਨਜ਼ ਨੇ ਉਹਨਾਂ ਦੀ ਜਲਦ ਸਿਹਤਯਾਬੀ ਦੀਆਂ ਇੱਛਾਵਾਂ ਪ੍ਰਗਟ ਕੀਤੀਆਂ ਹਨ।