Rising sleep deprivation in India: Both body and mind are affected
ਭਾਰਤ ‘ਚ ਵਧ ਰਹੀ ਨੀਂਦ ਦੀ ਕਮੀ, ਸਰੀਰ ਦੇ ਨਾਲ ਦਿਮਾਗ ਵੀ ਪ੍ਰੇਸ਼ਾਨ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਥਕਾਵਟ ਹੁਣ ਸਿਰਫ਼ ਜ਼ਿਆਦਾ ਕੰਮ ਕਰਨ ਦਾ ਨਤੀਜਾ ਨਹੀਂ ਰਹਿ ਗਈ ਹੈ। ਕਈ ਲੋਕ ਪੂਰਾ ਸਮਾਂ ਸੌਣ ਦੇ ਬਾਵਜੂਦ ਸਵੇਰੇ ਉੱਠਣ ’ਤੇ ਖੁਦ ਨੂੰ ਥੱਕਿਆ ਹੋਇਆ ਮਹਿਸੂਸ ਕਰਦੇ ਹਨ। ਅਮਰੀਕਾ ਵਿਚ ਕੀਤੇ ਗਏ ਇਕ ਸਰਵੇ ’ਚ ਵੀ ਵੱਡੀ ਗਿਣਤੀ ਵਿਚ ਬਾਲਗਾਂ ਨੇ ਕੁਝ ਦਿਨਾਂ ਵਿਚ ਬਹੁਤ ਜ਼ਿਆਦਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨ ਦੀ ਗੱਲ ਕਹੀ ਹੈ। ਭਾਰਤ ਵਿਚ ਸਥਿਤੀ ਹੋਰ ਚਿੰਤਾ ਵਧਾਉਣ ਵਾਲੀ ਦਿਖਾਈ ਦਿੰਦੀ ਹੈ। ਇਕ ਸਰਵੇ ਦੇ ਮੁਤਾਬਕ 85 ਫੀਸਦੀ ਭਾਰਤੀ ਨੌਜਵਾਨ ਸਵੇਰੇ ਉੱਠਣ ਤੋਂ ਬਾਅਦ ਵੀ ਖੁਦ ਨੂੰ ਥੱਕਿਆ ਹੋਇਆ ਮਹਿਸੂਸ ਕਰਦੇ ਹਨ। ਸਰਵੇ ਦੇ ਅਨੁਸਾਰ ਕਰੀਬ 81 ਫੀਸਦੀ ਭਾਰਤੀਆਂ ਨੇ ਸਾਰਾ ਦਿਨ ਊਰਜਾ ਘੱਟ ਰਹਿਣ ਦੀ ਗੱਲ ਕਹੀ। ਇਸ ਦਾ ਮਤਲਬ ਹੈ ਕਿ ਪੂਰੀ ਨੀਂਦ ਦਾ ਸਮਾਂ ਮਿਲਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਨੂੰ ਸਰੀਰ ਵਿਚ ਤਾਜ਼ਗੀ ਅਤੇ ਊਰਜਾ ਮਹਿਸੂਸ ਨਹੀਂ ਹੁੰਦੀ। ਮਾਹਰਾਂ ਦੇ ਮੁਤਾਬਕ ਥਕਾਵਟ ਦੇ ਪਿੱਛੇ ਨੀਂਦ ਦੀ ਗੁਣਵੱਤਾ, ਤਣਾਅ ਅਤੇ ਮਾਨਸਿਕ ਦਬਾਅ ਵਰਗੇ ਕਈ ਕਾਰਨ ਹੋ ਸਕਦੇ ਹਨ। ਸੀ.ਡੀ.ਸੀ. ਨੇ 2024 ਦੇ ਇੰਟਰਵਿਊ ਸਰਵੇ ਦੇ ਕਰੀਬ 27000 ਬਾਲਗਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ 54.9 ਫੀਸਦੀ ਲੋਕਾਂ ਨੇ ਕਈ ਵਾਰ ਥਕਾਵਟ ਮਹਿਸੂਸ ਹੋਣ ਦੀ ਗੱਲ ਕਹੀ, ਜਦਕਿ 10.7 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਆਦਾਤਰ ਦਿਨ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈ। 5.9 ਫੀਸਦੀ ਲੋਕ ਹਰ ਦਿਨ ਇਸ ਸਮੱਸਿਆ ਨਾਲ ਜੂਝਦੇ ਪਾਏ ਗਏ। ਭਾਰਤ ਵਿਚ ਨੀਂਦ ਦੀ ਘਾਟ ਵੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸਰਵੇ ਦੇ ਮੁਤਾਬਕ 46 ਤੋਂ 59 ਫੀਸਦੀ ਭਾਰਤੀ ਬਾਲਗ ਰਾਤ ਨੂੰ 6 ਘੰਟੇ ਤੋਂ ਵੀ ਘੱਟ ਸੌਂਦੇ ਹਨ। ਲਗਾਤਾਰ ਘੱਟ ਨੀਂਦ ਲੈਣ ਨਾਲ ਸਰੀਰ ਨੂੰ ਪੂਰਾ ਆਰਾਮ ਨਹੀਂ ਮਿਲ ਪਾਉਂਦਾ। ਇਸ ਦਾ ਅਸਰ ਅਗਲੇ ਦਿਨ ਊਰਜਾ, ਇਕਾਗਰਤਾ ਅਤੇ ਕੰਮ ਕਰਨ ਦੀ ਸਮਰੱਥਾ ’ਤੇ ਦਿਖਾਈ ਦੇ ਸਕਦਾ ਹੈ। ਲਗਾਤਾਰ ਥਕਾਵਟ ਦਾ ਅਸਰ ਸਿਰਫ਼ ਸਰੀਰ ਤੱਕ ਸੀਮਤ ਨਹੀਂ ਰਹਿੰਦਾ। ਸਰਵੇ ਵਿਚ 69.6 ਫੀਸਦੀ ਥਕਾਵਟ ਤੋਂ ਪ੍ਰੇਸ਼ਾਨ ਲੋਕਾਂ ਵਿਚ ਚਿੰਤਾ ਦੇ ਲੱਛਣ ਪਾਏ ਗਏ, ਜਦਕਿ 46.1 ਫੀਸਦੀ ਵਿਚ ਸੋਚਣ-ਸਮਝਣ ਨਾਲ ਜੁੜੀ ਪ੍ਰੇਸ਼ਾਨੀ ਰਹੀ। ਕਰੀਬ 45 ਫੀਸਦੀ ਲੋਕਾਂ ਵਿਚ ਡਿਪ੍ਰੈਸ਼ਨ ਦੇ ਲੱਛਣ ਵੀ ਪਾਏ ਗਏ। ਅਜਿਹੇ ਵਿਚ ਲਗਾਤਾਰ ਬਣੀ ਰਹਿਣ ਵਾਲੀ ਥਕਾਵਟ ਨੂੰ ਸਿਰਫ ਕੰਮ ਦਾ ਬੋਝ ਮੰਨ ਕੇ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ। ਸਰਵੇ ਦੇ ਅਨੁਸਾਰ ਔਰਤਾਂ ਵਿਚ ਪੁਰਸ਼ਾਂ ਦੀ ਤੁਲਨਾ ਵਿਚ ਥਕਾਵਟ ਵਧੇਰੇ ਪਾਈ ਗਈ। ਕਰੀਬ 20 ਫੀਸਦੀ ਔਰਤਾਂ ਨੇ ਪੁਰਸ਼ਾਂ ਦੇ 13 ਫੀਸਦੀ ਦੀ ਤੁਲਨਾ ਵਿਚ ਥਕਾਵਟ ਦੀ ਸ਼ਿਕਾਇਤ ਕੀਤੀ। 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ ਇਹ ਅੰਕੜਾ 12.9 ਫੀਸਦੀ ਰਿਹਾ। ਪੂਰੀ ਨੀਂਦ ਦਾ ਮਤਲਬ ਸਿਰਫ ਬਿਸਤਰ ’ਤੇ ਜ਼ਿਆਦਾ ਘੰਟੇ ਬਿਤਾਉਣਾ ਨਹੀਂ ਹੈ। ਵਾਰ-ਵਾਰ ਨੀਂਦ ਟੁੱਟਣਾ, ਤਣਾਅ, ਅਨਿਯਮਿਤ ਰੁਟੀਨ ਅਤੇ ਸੌਣ ਤੋਂ ਪਹਿਲਾਂ ਲੰਬੇ ਸਮੇਂ ਤੱਕ ਮੋਬਾਈਲ ਜਾਂ ਦੂਜੀ ਸਕ੍ਰੀਨ ਦੀ ਵਰਤੋਂ ਵੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਪੂਰੀ ਨੀਂਦ ਦੇ ਬਾਵਜੂਦ ਲਗਾਤਾਰ ਥਕਾਵਟ ਬਣੀ ਰਹੇ ਤਾਂ ਇਸ ਦੇ ਕਾਰਨਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ।

