Road collapses again in Agra: 20 feet deep pothole formed, third incident in 1 month
ਆਗਰਾ ’ਚ ਮੁੜ ਧੱਸੀ ਸੜਕ: ਬਣਿਆ 20 ਫੁੱਟ ਡੂੰਘਾ ਖੱਡਾ, 1 ਮਹੀਨੇ ’ਚ ਤੀਜੀ ਘਟਨਾ
ਆਗਰਾ (ਆਵਾਜ਼ਿ ਕੌਮ ਬਿਊਰੋ)-ਲਗਾਤਾਰ ਪੈ ਰਹੇ ਮੀਂਹ ਦਰਮਿਆਨ ਆਗਰਾ ਦੇ ਕਮਲਾ ਨਗਰ ’ਚ ਇਕ ਵਾਰ ਫਿਰ ਸੜਕ ਧੱਸਣ ਦੀ ਘਟਨਾ ਸਾਹਮਣੇ ਆਈ ਹੈ। ਸੜਕ ਦਾ ਵੱਡਾ ਹਿੱਸਾ ਅਚਾਨਕ ਧਸਣ ਨਾਲ ਮੌਕੇ ’ਤੇ ਲਗਭਗ 20 ਫੁੱਟ ਡੂੰਘਾ ਅਤੇ 10 ਫੁੱਟ ਚੌੜਾ ਖੱਡਾ ਬਣ ਗਿਆ। ਇਕ ਮਹੀਨੇ ਦੇ ਅੰਦਰ ਸੜਕ ਧੱਸਣ ਦੀ ਇਹ ਤੀਜੀ ਘਟਨਾ ਦੱਸੀ ਜਾ ਰਹੀ ਹੈ, ਜਿਸ ਕਰ ਕੇ ਨਿਰਮਾਣ ਗੁਣਵੱਤਾ ਅਤੇ ਜ਼ਿੰਮੇਵਾਰ ਏਜੰਸੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਆਖਰ ਕਦੋਂ ਤੱਕ ਸ਼ਹਿਰ ’ਚ ਸੜਕਾਂ ਇਸੇ ਤਰ੍ਹਾਂ ਧਸਦੀਆਂ ਰਹਿਣਗੀਆਂ ਅਤੇ ਜ਼ਿੰਮੇਵਾਰ ਅਧਿਕਾਰੀ ਹਾਦਸੇ ਦਾ ਇੰਤਜ਼ਾਰ ਕਰਦੇ ਰਹਿਣਗੇ। ਸੜਕ ਅਚਾਨਕ ਧਸਣ ਕਾਰਨ ਆਸ-ਪਾਸ ਦੇ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਸੜਕ ਦਾ ਹਿੱਸਾ ਧਸਿਆ, ਉਸ ਦੌਰਾਨ ਉੱਥੇ ਕੋਈ ਵਿਅਕਤੀ ਮੌਜੂਦ ਨਹੀਂ ਸੀ। ਜੇਕਰ ਸੜਕ ’ਤੇ ਉਸ ਸਮੇਂ ਵਾਹਨ ਜਾਂ ਰਾਹਗੀਰ ਮੌਜੂਦ ਹੁੰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਖਰਾਬ ਹੋਈ ਸੜਕ ਦਾ ਨਿਰੀਖਣ ਕੀਤਾ। ਸੜਕ ਦੇ ਧਸੇ ਹਿੱਸੇ ਦੇ ਆਸ-ਪਾਸ ਲੋਕਾਂ ਦੀ ਆਵਾਜਾਈ ਰੋਕਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

