ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਧਿਰਾਂ ਨੂੰ ਪੰਥਕ ਏਕਤਾ ਦਾ ਹੋਕਾ!

ਅੰਮ੍ਰਿਤਸਰ, 29 ਸਤੰਬਰ 2025 ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਥ ਅਤੇ ਪੰਜਾਬ ਦੀ ਰਾਜਸੀ-ਧਾਰਮਿਕ ਧਿਰਾਂ ਨੂੰ ਪੰਥਕ ਏਕਤਾ ਲਈ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਥਕ ਕੌਂਸਲ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਸੁਹਿਰਦ ਧਿਰਾਂ ਨੂੰ ਮਿਲ ਬੈਠ ਕੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਯਤਨ ਕਰਨਾ ਹੈ। ਬੀਬੀ ਜੀ ਨੇ ਪੰਥਕ ਭਾਵਨਾਵਾਂ ਅਨੁਸਾਰ ਕੌਂਸਲ ਦਾ ਵਿਸਥਾਰ ਜਲਦੀ ਕਰਨ ਦਾ ਐਲਾਨ ਕੀਤਾ ਅਤੇ ਧਿਰਾਂ ਨੂੰ ਨਿੱਜੀ ਹਿੱਤ ਤਿਆਗ ਕੇ ਇਕਜੁਟ ਹੋਣ ਦੀ ਅਪੀਲ ਕੀਤੀ।
ਬੀਬੀ ਸਤਵੰਤ ਕੌਰ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਸਿੱਖ ਸ਼ਕਤੀ ਵੰਡੀ ਹੋਈ ਹੈ। ਇਸ ਲਈ ਰਾਜਸੀ-ਧਾਰਮਿਕ ਧਿਰਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਕਠੇ ਹੋ ਕੇ ਪੰਥਕ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਨੇ ਅਕਾਲ ਤਖ਼ਤ ਦੇ 2 ਦਸੰਬਰ 2024 ਨਾਲ ਜੁੜੇ ਹੁਕਮਨਾਮੇ ਦੀ ਭਾਵਨਾ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹੀ ਏਕਤਾ ਨਾਲ ਪੰਥਕ ਪਲੇਟਫਾਰਮ ਮਜ਼ਬੂਤ ਹੋਵੇਗਾ। ਬੀਬੀ ਜੀ ਨੇ ਪੰਜਾਬ ਨੂੰ ਘੇਰਨ ਅਤੇ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਵਿਰੁੱਧ ਏਕਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕੌਂਸਲ ਨੂੰ ਇਸ ਨੂੰ ਅੱਗੇ ਵਧਾਉਣ ਵਾਲਾ ਪਲੇਟਫਾਰਮ ਦੱਸਿਆ।
ਉਹਨਾਂ ਨੇ ਸੁਝਾਅ ਲਈ panthikcounsel@gmail.com ‘ਤੇ ਈਮੇਲ ਭੇਜਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਇਹ ਇੱਕਜੁਟਤਾ ਪੰਜਾਬ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਹੱਲ ਕਰੇਗੀ। ਬੀਬੀ ਜੀ ਨੇ ਆਪਣੇ ਆਪ ਨੂੰ ਪੰਥ ਦੀ ਨਿਮਾਣੀ ਧੀ ਦੱਸ ਕੇ ਸਾਰੀਆਂ ਧਿਰਾਂ ਤੋਂ ਹਾਂ-ਪੱਖੀ ਹੁੰਗਾਰਾ ਭਰਨ ਦੀ ਆਸ ਰੱਖੀ।
ਸੋਸ਼ਲ ਮੀਡੀਆ ’ਤੇ ਬੀਬੀ ਸਤਵੰਤ ਕੌਰ ਦੀ ਅਪੀਲ ਨੂੰ ਖੂਬ ਸਮਰਥਨ ਮਿਲ ਰਿਹਾ ਹੈ ਅਤੇ ਲੋਕਾਂ ਨੇ ਪੰਥਕ ਏਕਤਾ ਨੂੰ ਜ਼ਿੰਦਾਬਾਦ ਕਹਿ ਕੇ ਸਵਾਗਤ ਕੀਤਾ ਹੈ।