ਨਵਾਂ ਸ਼ਹਿਰ ’ਚ AAP ਨੂੰ ਝਟਕਾ, ਅਮਿਤ ਕੁਮਾਰ ਸੇਠੀ ਸੈਂਕੜੇ ਸਾਥੀਆਂ ਨਾਲ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਿਲ

ਬਲਾਚੌਰ, 29 ਅਗਸਤ 2025 ਹਲਕਾ ਬਲਾਚੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ ਮਿਲੀ ਹੈ, ਜਦੋਂ ਆਮ ਆਦਮੀ ਪਾਰਟੀ (AAP) ਦੇ ਪ੍ਰਮੁੱਖ ਆਗੂ ਅਤੇ ਗੁੱਜਰ ਭਾਈਚਾਰੇ ਦੇ ਨੁਮਾਇੰਦੇ ਅਮਿਤ ਕੁਮਾਰ ਸੇਠੀ ਨੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਇਹ ਸਮਾਗਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਇਆ, ਜਿਸ ਨੇ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕੀਤਾ।
ਬਲਾਚੌਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਹੜ੍ਹਾਂ ਨੇ ਸਰਕਾਰ ਦੀ ਅਸਫਲਤਾ ਨੂੰ ਸਾਹਮਣੇ ਲਿਆਂਦਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਮਜ਼ਬੂਤ ਚਾਹੁੰਦੀ ਹੈ। ਉਹਨਾਂ ਨੇ ਭਰੋਸਾ ਦਿੱਤਾ ਕਿ ਪਾਰਟੀ ਦੀ 15 ਲੱਖ ਮੈਂਬਰਸ਼ਿਪ ਅਤੇ ਪੰਥਕ ਮੁੱਦਿਆਂ ’ਤੇ ਡਟਵੀਂ ਲੜਾਈ ਜਾਰੀ ਰਹੇਗੀ। ਸਮਾਗਮ ਤੋਂ ਪਹਿਲਾਂ ਉਹਨਾਂ ਨੇ ਪਾਰਟੀ ਦੇ ਸਟੇਟ ਡੈਲੀਗੇਟ ਸਰਦਾਰ ਅਵਤਾਰ ਸਿੰਘ ਦੀ ਮਾਤਾ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਮੂਲੀਅਤ ਕੀਤੀ।
ਅਮਿਤ ਕੁਮਾਰ ਸੇਠੀ ਨੇ AAP ਦੀਆਂ ਨੀਤੀਆਂ ’ਤੇ ਨਿਰਾਸ਼ਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੀ ਆਸ ਸਿਰਫ ਸ਼੍ਰੋਮਣੀ ਅਕਾਲੀ ਦਲ ’ਤੇ ਹੈ। ਉਹਨਾਂ ਨੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਉਣ ਦਾ ਵਾਅਦਾ ਕੀਤਾ। ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਗਤ ਨੂੰ ਪੰਥ ਦੇ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ 15 ਲੱਖ ਮੈਂਬਰਸ਼ਿਪ ਨੂੰ ਪਾਰਟੀ ਦੀ ਪੁਨਰ ਸੁਰਜੀਤੀ ਦਾ ਸਬੂਤ ਦੱਸਿਆ। ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਹੜ੍ਹਾਂ ਅਤੇ ਅਸਫਲਤਾਵਾਂ ਲਈ ਜ਼ਿੰਮੇਵਾਰ ਠਹਿਰਾਇਆ।
ਸਮਾਗਮ ਵਿੱਚ SGPC ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਰਦਾਰ ਰਣਬੀਰ ਸਿੰਘ ਪੂਨੀਆਂ, ਸਰਦਾਰ ਸੁਰਜੀਤ ਸਿੰਘ ਦੁਬਾਲੀ, ਸਰਦਾਰ ਗੁਰਚਰਨ ਸਿੰਘ ਉਲ੍ਹਦਾਨੀ, ਐਡਵੋਕੇਟ ਲਲਿਤ, ਸਰਦਾਰ ਨਿਰਮਲ ਮੰਨੇਵਾਲ, ਸਰਦਾਰ ਹਰਮਰਿੰਦਰ ਸਿੰਘ ਰਿੰਕੂ ਚਾਂਦਪੁਰੀ, ਸਰਦਾਰ ਸੋਹਣ ਸਿੰਘ ਰੌੜੀ, ਸਰਦਾਰ ਭੁਪਿੰਦਰ ਸਿੰਘ ਸਿੰਬਲ ਮਾਜਰਾ, ਜਥੇਦਾਰ ਰੇਸ਼ਮ ਸਿੰਘ, ਸਰਦਾਰ ਜਗਦੀਸ਼ ਸਿੰਘ ਸਹੂੰਗੜਾ, ਬਿੱਲਾ ਸਹੂੰਗੜਾ, ਰਾਜੀਵ ਚਾਂਦਪੁਰ ਰੁੜਕੀ, ਦਰਸ਼ਨ ਲਾਲ ਅਤੇ ਸਰਦਾਰ ਤਰਲੋਚਨ ਸਿੰਘ ਪਨਿਆਲੀ ਹਾਜ਼ਰ ਸਨ।