ਰਿਫਾਇਨਰੀ ਟਾਊਨਸ਼ਿਪ ਵਿੱਚ ਸੀਵਰੇਜ ਦੀ ਸਫਾਈ ਦੌਰਾਨ ਹਾਦਸਾ, 3 ਦੀ ਮੌਤ, ਇੱਕ ਦੀ ਹਾਲਤ ਖ਼ਤਰੇ ਤੋਂ ਬਾਹਰ

ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਉਦਯੋਗ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਫੂਲੋਖਾਰੀ ਵਿਚ ਮੰਗਲਵਾਰ ਦੁਪਿਹਰ ਵਾਪਰੀ ਇੱਕ ਵੱਡੀ ਘਟਨਾ ਵਿਚ ਤਿੰਨ ਮਜਦੂਰਾਂ ਦੀ ਮੌਤ ਹੋ ਗਈ ਜਦਕਿ ਚੌਥੇ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਮਜਦੂਰ ਰਿਫ਼ਾਈਨਰੀ ਦੀ ਟਾਊਨਸ਼ਿਪ ਵਿਚ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਸਫ਼ਾਈ ਕਰ ਰਹੇ ਹਨ, ਜਿਸ ਦੌਰਾਨ ਗੈਸ ਚੜ੍ਹਨ ਕਾਰਨ ਵੱਡਾ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਾਊਨਸ਼ਿਪ ਵਿੱਚ ਸਫ਼ਾਈ ਕਰਮੀਆਂ ਵਲੋਂ ਬਿਨਾਂ ਸੁਰੱਖਿਆ ਉਪਕਰਨ ਸੀਵਰੇਜ ਦੀ ਸਫ਼ਾਈ ਕੀਤੀ ਜਾ ਰਹੀ ਸੀ ਜਦਕਿ ਇਹ ਕੰਮ ਇੱਕ ਠੇਕੇਦਾਰ ਦੀ ਦੇਖਰੇਖ ਹੇਠ ਹੋ ਰਿਹਾ ਸੀ। ਇਸ ਦੌਰਾਨ, 4 ਮਜ਼ਦੂਰਾਂ ਨੂੰ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਸੂਚਨਾ ਮਿਲਦੇ ਹੀ ਸਿਹਤ ਅਤੇ ਸੁਰੱਖਿਆ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਪ੍ਰਭਾਵਿਤ ਕਰਮਚਾਰੀਆਂ ਨੂੰ ਤੁਰੰਤ ਬਠਿੰਡਾ ਏਮਜ਼ ਹਸਪਤਾਲ ਲਿਜਾਇਆ ਗਿਆ ਅਤੇ ਪ੍ਰਬੰਧਨ ਨੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕੀਤਾ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਤਿੰਨ ਕਰਮਚਾਰੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਜਦੋਂ ਕਿ ਇੱਕ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ, ਰਾਜਵਿੰਦਰ ਸਿੰਘ ਵਾਸੀ ਹੈਬੂਆਣਾ, ਅਸਤਰ ਅਲੀ ਵਾਸੀ ਜੱਸੀ ਬਾਗ਼ ਵਾਲੀ ਵਜੋਂ ਹੋਈ ਹੈ। ਜਦੋਂ ਕਿ ਚੌਥੇ ਕ੍ਰਿਸ਼ਨ ਕੁਮਾਰ ਵਾਸੀ ਨੌਰੰਗ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਮਾਮਲੇ ਵਿੱਚ ਰਿਫਾਇਨਰੀ ਪੁਲਿਸ ਚੌਕੀ ਦੇ ਅਧਿਕਾਰੀ ਰਵਨੀਤ ਸਿੰਘ ਨੇ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਆਪਣੇ ਪੱਧਰ ‘ਤੇ ਜਾਂਚ ਵਿੱਢ ਦਿੱਤੀ ਹੈ। ਉਧਰ ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਮਜਦੂਰਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।