Shooters from the Lawrence Bishnoi gang who opened fire in Mohali arrested
ਮੋਹਾਲੀ ‘ਚ ਗੋਲ਼ੀਆਂ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਗ੍ਰਿਫ਼ਤਾਰ
ਮੋਹਾਲੀ (ਆਵਾਜ਼ਿ ਕੌਮ ਬਿਊਰੋ)- ਮੋਹਾਲੀ ਪੁਲਸ ਨੇ ਦੋ ਕਾਰੋਬਾਰੀਆਂ ਅਤੇ ਇਕ ਫ਼ਿਲਮ ਪ੍ਰੋਡਿਊਸਰ ਦੇ ਘਰਾਂ ‘ਤੇ ਹੋਈ ਫ਼ਾਇਰਿੰਗ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਲਾਰੈਂਸ ਗੈਂਗ ਨਾਲ ਜੁੜੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਜਾਂਚ ਦੌਰਾਨ ਇਕ ਅਨੋਖਾ ਮਾਂ-ਪੁੱਤ ਕਨੈਕਸ਼ਨ ਸਾਹਮਣੇ ਆਇਆ ਹੈ, ਜਿੱਥੇ ਮਾਂ ਨੇ ਬੰਬੀਹਾ ਗੈਂਗ ਰਾਹੀਂ ਕਤਲ ਕਰਵਾਇਆ ਸੀ ਅਤੇ ਉਸ ਦਾ ਪੁੱਤਰ ਲਾਰੈਂਸ ਗੈਂਗ ਲਈ ਸ਼ੂਟਰ ਵਜੋਂ ਕੰਮ ਕਰ ਰਿਹਾ ਸੀ। ਜਾਂਚ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਅਕਾਸ਼ਦੀਪ ਸਿੰਘ (ਨਿਵਾਸੀ ਸੈਕਟਰ-35, ਚੰਡੀਗੜ੍ਹ) ਦੀ ਮਾਂ ਅਮਰੀਨ ਕੌਰ ਰਾਏ ਨੇ ਚੰਡੀਗੜ੍ਹ ਦੇ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਨਾਗਰਾ ਉਰਫ਼ ਚਿੰਨੀ ਕੁੱਬਾ ਦੇ ਕਤਲ ਲਈ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਨੂੰ 50 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। 18 ਮਾਰਚ ਨੂੰ ਚਿੰਨੀ ਦਾ ਕਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ, 8ਵੀਂ ਪਾਸ ਅਕਾਸ਼ਦੀਪ ਸਿੰਘ ਲਾਰੈਂਸ ਗੈਂਗ ਦਾ ਸ਼ੂਟਰ ਨਿਕਲਿਆ, ਜਿਸ ਨੂੰ ਪੁਲਸ ਨੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮਾਸਟਰਮਾਈਂਡ ਅਕਾਸ਼ਦੀਪ ਸਿੰਘ ਤੋਂ ਇਲਾਵਾ ਉਸ ਦੇ ਤਿੰਨ ਹੋਰ ਸਾਥੀਆਂ- ਪ੍ਰਵੀਨ ਕੁਮਾਰ (ਬਠਿੰਡਾ), ਜਸ਼ਨਦੀਪ ਸਿੰਘ (ਮੋਹਾਲੀ) ਅਤੇ ਦੁਸ਼ਯੰਤ ਸ਼ਰਮਾ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2 ਵਿਦੇਸ਼ੀ ਪਿਸਤੌਲ, .30 ਬੋਰ ਦੀਆਂ 3 ਪਿਸਤੌਲਾਂ, 12 ਕਾਰਤੂਸ ਅਤੇ ਵਾਰਦਾਤ ਵਿਚ ਵਰਤੀ ਗਈ ਕਾਰ ਬਰਾਮਦ ਹੋਈ ਹੈ। ਇਨ੍ਹਾਂ ਦਾ ਪੰਜਵਾਂ ਸਾਥੀ ਸਿਮਰਦੀਪ ਸਿੰਘ ਉਰਫ਼ ਜਸ਼ਨ (ਖਰੜ) ਫ਼ਿਲਹਾਲ ਫ਼ਰਾਰ ਹੈ। ਇਹ ਸਾਰੇ ਮੁਲਜ਼ਮ ਬੁੜੈਲ ਜੇਲ੍ਹ ਵਿੱਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਅਤੇ ਵਿਦੇਸ਼ ਵਿਚ ਬੈਠੇ ਕੁਲਵੀਰ ਸਿੰਘ ਸੰਧੂ ਦੇ ਲਗਾਤਾਰ ਸੰਪਰਕ ਵਿਚ ਸਨ। ਜਸ਼ਨਦੀਪ ਸਿੰਘ ਗੋਲ਼ੀਬਾਰੀ ਤੋਂ ਪਹਿਲਾਂ ਕੋਠੀਆਂ ਦੀ ਰੇਕੀ ਕਰਦਾ ਸੀ, ਦੁਸ਼ਯੰਤ ਹਥਿਆਰ ਸੰਭਾਲਦਾ ਸੀ ਅਤੇ ਅਕਾਸ਼ਦੀਪ, ਪ੍ਰਵੀਨ ਤੇ ਸਿਮਰਦੀਪ ਗੋਲੀਬਾਰੀ ਕਰਦੇ ਸਨ। ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪੁਲਸ ਨੇ ਮੋਹਾਲੀ ਵਿਚ ਹੋਈਆਂ 3 ਫ਼ਾਇਰਿੰਗ ਦੀਆਂ ਘਟਨਾਵਾਂ ਨੂੰ ਸੁਲਝਾ ਲਿਆ ਹੈ। ਐੱਸ.ਐੱਸ.ਪੀ. ਦੇ ਨਿਰਦੇਸ਼ਾਂ ‘ਤੇ ਐੱਸ.ਪੀ. (ਆਪ੍ਰੇਸ਼ਨ) ਹਰਬੀਰ ਸਿੰਘ ਅਟਵਾਲ, ਐੱਸ.ਪੀ. (ਇਨਵੈਸਟੀਗੇਸ਼ਨ) ਜਸਪ੍ਰੀਤ ਸਿੰਘ ਅਤੇ ਡੀ.ਐੱਸ.ਪੀ. ਹਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਨੇ ਟਰੈਪ ਲਗਾ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਖ਼ਿਲਾਫ਼ ਬੀ.ਐਨ.ਐਸ. ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।

