Shots fired at famous Haryana singer’s car; narrowly escapes death
ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ ‘ਤੇ ਚਲਾ ‘ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ
ਹਰਿਆਣਾ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਮਸ਼ਹੂਰ ਗਾਇਕ ਦਿਲੇਰ ਖੜਕੀਆ ਦੀ ਲਗਜ਼ਰੀ ਰੇਂਜ ਰੋਵਰ ਗੱਡੀ ‘ਤੇ ਹਮਲਾਵਰਾਂ ਵਲੋਂ ਤਾੜ-ਤਾੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੌਰਾਨ ਗਾਇਕ ਵਾਲ-ਵਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਯਾਨੀ 18 ਸਤੰਬਰ, 2026 ਨੂੰ ਗਾਇਕ ਦੀ ਲਗਜ਼ਰੀ ਗੱਡੀ ‘ਤੇ ਅਣਪਛਾਤੇ ਹਮਲਾਵਰਾਂ ਵਲੋਂ ਫਾਇਰਿੰਗ ਕੀਤੀ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦਲੇਰ ਖੜਕੀਆ ਦੀ ਗੱਡੀ ‘ਤੇ ਹੋਈ ਗੋਲੀਬਾਰੀ ਸੰਬੰਧੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਉਸ ਦੇ ਫੋਨ ਦਾ ਜਵਾਬ ਨਾ ਦੇਣ ‘ਤੇ ਉਸ ਨੂੰ ਸ਼ਰੇਆਮ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਪੋਸਟ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਦੱਸ ਦੇਈਏ ਕਿ ਦਿਲੇਰ ਖੜਕੀਆ ਦਾ ਜਨਮ 8 ਅਗਸਤ, 1997 ਨੂੰ ਭਿਵਾਨੀ ਦੇ ਖੜਕ ਪਿੰਡ ਵਿੱਚ ਪ੍ਰਸਿੱਧ ਰਾਗਿਨੀ ਕਲਾਕਾਰ ਰਾਜੇਂਦਰ ਖੜਕੀਆ ਦੇ ਘਰ ਹੋਇਆ ਸੀ। ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਉਸਨੇ ਨੌਂ ਸਾਲ ਦੀ ਉਮਰ ਵਿੱਚ ਰਾਗਿਨੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਸਦੇ “ਲੀਲੋ ਚਮਨ,” “ਮੋਟੋ,” “ਜੂਤੀ ਕਾਲੀ,” “ਹਾਈ ਕੋਰਟ,” “ਕਬੂਤਰੀ” ਸਣੇ ਕਈ ਗਾਣੇ ਹਿੱਟ ਹੋਏ ਹਨ।

