ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਜੰਟ ਸਿੰਘ ਉੱਤੇ ਧਾਰਮਿਕ ਸਟੇਜ ਤੋਂ ਪਾਬੰਦੀ

9 ਫਰਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਬਹੁਤ ਸਾਰੇ ਅਹਿਮ ਪੰਥਕ ਮਸਲਿਆਂ ਬਾਰੇ ਵੱਡੇ ਬਿਆਨ ਦਿੱਤੇ ਹਨ। ਸਭ ਤੋਂ ਮਹੱਤਵਪੂਰਨ ਐਲਾਨ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਵਿੱਚ ਸਿਰਫ਼ ਅੰਮ੍ਰਿਤਧਾਰੀ ਸਿੱਖ ਅਧਿਕਾਰੀਆਂ ਨੂੰ ਹੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਸਥਾ ਨਾਲ ਜੁੜੇ ਮਸਲਿਆਂ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ।
ਜਥੇਦਾਰ ਨੇ ਕਿਹਾ ਕਿ ਅੰਮ੍ਰਿਤਧਾਰੀ ਹੋਣਾ ਸਿਰਫ਼ ਪਛਾਣ ਨਹੀਂ, ਇੱਕ ਵੱਡੀ ਜ਼ਿੰਮੇਵਾਰੀ ਹੈ। ਅਜਿਹੇ ਅਧਿਕਾਰੀ ਹੀ ਗੁਰਬਾਣੀ ਦੀ ਪਾਵਨਤਾ ਅਤੇ ਸਿੱਖ ਮਰਿਆਦਾ ਨੂੰ ਸੰਭਾਲ ਸਕਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਕਿ SIT ਦੀ ਬਣਤਰ ‘ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਵਿੱਚ ਅਜਿਹੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇ ਜੋ ਸਿੱਖ ਮਰਿਆਦਾ ਅਨੁਸਾਰ ਜੀਵਨ ਬਿਤਾਉਂਦੇ ਹੋਣ।
ਇਸੇ ਪ੍ਰੈੱਸ ਕਾਨਫਰੰਸ ਵਿੱਚ ਜਥੇਦਾਰ ਨੇ ਬਰਨਾਲਾ ਦੇ ਕਥਾਵਾਚਕ ਗੁਰਜੰਟ ਸਿੰਘ ਉੱਤੇ ਸਖ਼ਤ ਹਦਾਇਤ ਜਾਰੀ ਕੀਤੀ ਹੈ ਕਿ ਉਹ ਜਦੋਂ ਤੱਕ ਅਕਾਲ ਤਖ਼ਤ ਸਾਹਿਬ ਉਸ ਬਾਰੇ ਅੰਤਿਮ ਫੈਸਲਾ ਨਹੀਂ ਕਰਦਾ, ਕਿਸੇ ਵੀ ਧਾਰਮਿਕ ਸਟੇਜ ਤੇ ਨਾ ਬੈਠ ਸਕੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਪ੍ਰਚਾਰ ਕਰ ਸਕੇ। ਇਹ ਹਦਾਇਤ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਅਤੇ ਸਤਿਕਾਰ ਨਾਲ ਜੁੜੀਆਂ ਅਣਉਚਿਤ ਟਿੱਪਣੀਆਂ ਕਾਰਨ ਜਾਰੀ ਕੀਤੀ ਗਈ ਹੈ।
ਜਥੇਦਾਰ ਨੇ ਹੋਲਾ ਮਹੱਲਾ ਦੌਰਾਨ ਸੰਗਤ ‘ਤੇ ਰੰਗ ਸੁੱਟਣ ‘ਤੇ ਪੂਰਨ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਨੂੰ ਹੋਲੀ ਵੱਲ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਗੁਰੂ ਸਾਹਿਬ ਦੀ ਰਵਾਇਤ ਵਿਰੁੱਧ ਹਨ। ਉਨ੍ਹਾਂ ਨੇ ਗੁਰਦੁਆਰਾ ਵਿਨੀਪੈੱਗ ਸਾਊਥ ਸਿੱਖ ਸੈਂਟਰ ਦੇ ਪ੍ਰਬੰਧਕਾਂ ਨੂੰ 10 ਦਿਨਾਂ ਵਿੱਚ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਣ ਦੇ ਹੁਕਮ ਦਿੱਤੇ ਹਨ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋਂ ਪੁਲਿਸ ਵੱਲੋਂ ਲੋਕਾਂ ਨੂੰ ਚੁੱਕਣ ਦੀ ਘਟਨਾ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਚਮਕੌਰ ਸਾਹਿਬ ਵਿਖੇ ਲਗਾਈ ਜਾ ਰਹੀ ਪੇਪਰ ਮਿੱਲ ਦੇ ਸਰਵੇਖਣ ਵਿੱਚ ਇਤਿਹਾਸਕ ਸਿੱਖ ਅਸਥਾਨਾਂ ਨੂੰ ਅਣਦੇਖਿਆ ਕਰਨ ਦੀ ਵੀ ਨਿੰਦਾ ਕੀਤੀ।
ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਸੰਗਤ ਵੱਲੋਂ SIT ਦੀ ਬਣਤਰ ‘ਤੇ ਅੰਮ੍ਰਿਤਧਾਰੀ ਅਧਿਕਾਰੀਆਂ ਦੀ ਮੰਗ ਉਠਾਈ ਜਾ ਰਹੀ ਹੈ।

