Significant drop in cancer drug prices: A medicine costing ₹40,421 will now be available for ₹2,720
ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ: 40,421 ਰੁਪਏ ਵਾਲੀ ਹੁਣ ਮਿਲੇਗੀ 2,720 ਰੁਪਏ ‘ਚ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਕੈਂਸਰ ਦੇ ਇਲਾਜ ਦੇ ਵਧਦੇ ਖ਼ਰਚਿਆਂ ਤੋਂ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੀਆਂ 543 ਦਵਾਈਆਂ ਦੇ ਬ੍ਰਾਂਡਾਂ ਅਤੇ ਉਨ੍ਹਾਂ ਦੇ ਪੈਕ ਸਾਈਜ਼ਾਂ ਦੀ ਵੱਧ ਤੋਂ ਵੱਧ ਰੀਟੇਲ ਕੀਮਤ (MRP) ਵਿੱਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਦੇ ਇਸ ਨਵੇਂ ਕਦਮ ਨਾਲ ਕਈ ਕੈਂਸਰ ਰੋਧੀ ਜੇਨੇਰਿਕ ਅਤੇ ਬਾਇਓਸਿਮੀਲਰ ਦਵਾਈਆਂ ਦੇ ਦਾਮਾਂ ਵਿੱਚ 90 ਫੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। NPPA ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਅਨੁਸਾਰ ਕਈ ਅਹਿਮ ਕੈਂਸਰ-ਰੋਧੀ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ: ਪੈਲਬੋਸਿਕਲਿਬ (Palbociclib): ਬ੍ਰੈਸਟ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ 125 mg ਦਵਾਈ ‘ਪਾਲਬੋਪ੍ਰੋ’ (Palbopro) ਦੀ ਕੀਮਤ 40,421 ਰੁਪਏ ਤੋਂ ਘਟਾ ਕੇ ਮਹਿਜ਼ 2,720 ਰੁਪਏ ਕਰ ਦਿੱਤੀ ਗਈ ਹੈ, ਜਿਸ ਵਿੱਚ ਲਗਭਗ 93.3% ਦੀ ਕਟੌਤੀ ਹੋਈ ਹੈ। ਇਸੇ ਤਰ੍ਹਾਂ ‘ISOGEN’ (100 mg) ਦੇ ਦਾਮ 91.6% ਘਟੇ ਹਨ। ਥੀਓਟੇਪਾ (Thiotepa): ਕੀਮੋਥੈਰੇਪੀ ਦੀ ਦਵਾਈ ‘SAMTEPA’ (100 mg) ਦੀ ਕੀਮਤ 80,072 ਰੁਪਏ ਤੋਂ ਘਟ ਕੇ 7,150 ਰੁਪਏ ਪ੍ਰਤੀ ਵਾਇਲ ਰਹਿ ਗਈ ਹੈ, ਜਿਸ ਨਾਲ ਪ੍ਰਤੀ ਵਾਇਲ 72,922 ਰੁਪਏ ਦੀ ਸਿੱਧੀ ਬਚਤ ਹੋਵੇਗੀ। ਐਨਾਸਟ੍ਰੋਜ਼ੋਲ (Anastrozole): ‘ਵੋਮਾਜ਼ੋਲ’ (1 mg) ਦੀ ਕੀਮਤ 458.85 ਰੁਪਏ ਤੋਂ ਘਟ ਕੇ ਕੇਵਲ 39.52 ਰੁਪਏ ਰਹਿ ਗਈ ਹੈ। ਇਸ ਤੋਂ ਇਲਾਵਾ Dasatinib, Lenvatinib, Abiraterone ਅਤੇ Olaparib ਜਿਹੀਆਂ ਦਵਾਈਆਂ ਦੀਆਂ ਕੀਮਤਾਂ ਵੀ ਕਾਫ਼ੀ ਘਟੀਆਂ ਹਨ। ਹਾਲਾਂਕਿ ਜੇਨੇਰਿਕ ਦਵਾਈਆਂ ਸਸਤੀਆਂ ਹੋਈਆਂ ਹਨ, ਪਰ ਪੇਟੈਂਟਿਡ ਅਤੇ ਓਰੀਜਿਨੇਟਰ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ:
ਕੀਟ੍ਰੂਡਾ (Keytruda – Pembrolizumab): 21 ਤੋਂ ਵੱਧ ਤਰ੍ਹਾਂ ਦੇ ਕੈਂਸਰ ਵਿੱਚ ਕੰਮ ਆਉਣ ਵਾਲੀ ਇਹ ਇਮਿਊਨੋਥੈਰੇਪੀ ਦਵਾਈ ਹੁਣ ਵੀ 2,16,500 ਰੁਪਏ ਦੀ ਐੱਮ.ਆਰ.ਪੀ. ‘ਤੇ ਹੀ ਬਿਨਾਂ ਕਿਸੇ ਬਦਲਾਅ ਦੇ ਵਿਕੇਗੀ।
ਕ੍ਰਾਈਕਸਾਨਾ (Ribociclib): ਬ੍ਰੈਸਟ ਕੈਂਸਰ ਦੀ ਇਹ ਦਵਾਈ 24,435 ਰੁਪਏ ‘ਤੇ ਹੀ ਬਰਕਰਾਰ ਹੈ। Tagrisso, Tecentriq, Darzalex ਅਤੇ Imfinzi ਜਿਹੇ ਹੋਰ ਮਹਿੰਗੇ ਓਰੀਜਿਨੇਟਰ ਬ੍ਰਾਂਡਾਂ ਦੇ ਰੇਟ ਵੀ ਨਹੀਂ ਘਟਾਏ ਗਏ ਹਨ। ਇਹ ਕਦਮ ਕੈਂਸਰ ਦੇ ਇਲਾਜ ਵਿੱਚ ਹਸਪਤਾਲਾਂ ਅਤੇ ਵਿਚੋਲਿਆਂ ਵੱਲੋਂ ਲਏ ਜਾਣ ਵਾਲੇ ਭਾਰੀ ਮੁਨਾਫ਼ੇ ‘ਤੇ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਸਾਹਮਣੇ ਆਇਆ ਹੈ। NPPA ਨੇ ਇਸ ਵਾਰ ਸਿੱਧੇ ਰੇਟ ਤੈਅ ਕਰਨ ਦੀ ਬਜਾਏ ਸਪਲਾਈ ਚੇਨ ਦੇ ਟ੍ਰੇਡ ਮਾਰਜਿਨ ਨੂੰ ਕੰਟਰੋਲ ਕਰਨ ‘ਤੇ ਧਿਆਨ ਦਿੱਤਾ ਹੈ। ‘ਆਲ ਇੰਡੀਆ ਡਰੱਗ ਐਕਸ਼ਨ ਨੈੱਟਵਰਕ’ (AIDAN) ਦੀ ਪ੍ਰਤੀਨਿਧ ਮਾਲਿਨੀ ਐਸੋਲਾ ਅਨੁਸਾਰ ਪੇਸ਼ੈਂਟ ਅਸਿਸਟੈਂਸ ਪ੍ਰੋਗਰਾਮ (PAP) ਦੀ ਛੋਟ ਕਾਰਨ ਪੇਟੈਂਟਿਡ ਦਵਾਈਆਂ ਸਸਤੀਆਂ ਨਹੀਂ ਹੋ ਸਕੀਆਂ। ਦੂਜੇ ਪਾਸੇ, ਥਰਡ ਵਰਲਡ ਨੈੱਟਵਰਕ ਦੇ ਲੀਗਲ ਰਿਸਰਚਰ ਕੇ.ਐੱਮ. ਗੋਪਕੁਮਾਰ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ‘ਕੀਟ੍ਰੂਡਾ’ ਜਿਹੀਆਂ ਅਤੀ-ਜ਼ਰੂਰੀ ਦਵਾਈਆਂ ਦੇ ਜੇਨੇਰਿਕ ਵਰਜਨ ਤਿਆਰ ਕਰਨ ਲਈ ‘ਕੰਪਲਸਰੀ ਲਾਇਸੈਂਸਿੰਗ’ (Compulsory Licensing) ਦਾ ਰਸਤਾ ਅਪਣਾਉਣਾ ਚਾਹੀਦਾ ਹੈ।

