Sikh organizations stage protest over arrest of Shiv Sainik Chetan Sharma
ਸ਼ਿਵ ਸੈਨਿਕ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਨੇ ਧਰਨਾ ਲਾ ਦਿੱਤਾ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਸੋਸ਼ਲ ਮੀਡੀਆ ‘ਤੇ ਸਿੱਖ ਗੁਰੂ ਸਾਹਿਬਨ ਅਤੇ ਸਿੱਖ ਧਰਮ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਸ਼ਿਵ ਸੈਨਿਕ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਨੇ ਧਰਨਾ ਲਾ ਦਿੱਤਾ। ਸਿੱਖ ਜੱਥੇਬੰਦੀਆਂ ਵਲੋਂ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਨੈਸ਼ਨਲ ਹਾਈਵੇਅ ‘ਤੇ ਧਰਨਾ ਲਾ ਕੇ ਪੂਰੀ ਤਰ੍ਹਾਂ ਰੋਡ ਜਾਮ ਕਰ ਦਿੱਤਾ। ਇਸ ਲਈ ਜੇਕਰ ਤੁਸੀਂ ਵੀ ਇਸ ਪਾਸੇ ਵੱਲ ਆ ਰਹੇ ਹੋ ਤਾਂ ਤੁਹਾਨੂੰ ਸਫ਼ਰ ਕਰਨ ‘ਚ ਦਿੱਕਤ ਆ ਸਕਦੀ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਕਰੀਬ 25 ਦਿਨਾਂ ਤੋਂ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਪਰ 25 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਚੇਤਨ ਸ਼ਰਮਾ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਜੱਥੇਬੰਦੀਆਂ ਨੇ ਅੱਜ ਪਹਿਲਾਂ ਟੋਲ ਪਲਾਜ਼ਾ ਫਰੀ ਕੀਤਾ ਅਤੇ ਫਿਰ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਧਰਨਾ ਲਾ ਕੇ ਹਾਈਵੇਅ ਜਾਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਵਲੋਂ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ।

