Singh Sahib Bhai Jasvir Singh Ji Rode Leads Key Meeting of International Panthic Dal
ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਦੀ ਅਗਵਾਈ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ

28 ਜਨਵਰੀ 2026, ਅੰਮ੍ਰਿਤਸਰ – ਪੰਥਕ ਏਕਤਾ ਲਈ ਭਵਿੱਖੀ ਰਣਨੀਤੀ ਅਤੇ ਵੱਖ-ਵੱਖ ਪੰਥਕ ਧਿਰਾਂ ਵਿਚਾਲੇ ਸਾਂਝ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਇਹ ਅਹਿਮ ਬੈਠਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਦੀ ਯੋਗ ਅਗਵਾਈ ਹੇਠ ਕੀਤੀ ਗਈ।
ਮੀਟਿੰਗ ਦੌਰਾਨ ਪੰਥ ਸਾਹਮਣੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ, ਸਿੱਖ ਕੌਮ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ, ਅਤੇ ਭਵਿੱਖ ਵਿੱਚ ਇਕਜੁੱਟ ਹੋ ਕੇ ਚੱਲਣ ਦੀ ਲੋੜ ‘ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵੱਖ-ਵੱਖ ਖੇਤਰਾਂ ਤੋਂ ਸ਼ਾਮਲ ਹੋਏ ਸੀਨੀਅਰ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜ਼ੋਰ ਦਿੱਤਾ ਕਿ ਸਮਾਂ ਦੀ ਮੰਗ ਹੈ ਕਿ ਪੰਥਕ ਧਿਰਾਂ ਨਿੱਜੀ ਅੰਤਰਾਂ ਤੋਂ ਉੱਪਰ ਉੱਠ ਕੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ।
ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਥ ਦੀ ਤਾਕਤ ਉਸਦੀ ਏਕਤਾ ਵਿੱਚ ਹੈ। ਉਨ੍ਹਾਂ ਨੇ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਪੰਥਕ ਸੋਚ ਵਾਲੇ ਵਿਅਕਤੀਆਂ ਨੂੰ ਸਾਂਝੇ ਮੰਚ ‘ਤੇ ਆਉਣ ਦੀ ਅਪੀਲ ਕੀਤੀ, ਤਾਂ ਜੋ ਗੁਰਮਤਿ ਅਸੂਲਾਂ ਅਨੁਸਾਰ ਕੌਮ ਨੂੰ ਦਰਪੇਸ਼ ਮੁੱਦਿਆਂ ਦਾ ਹੱਲ ਲੱਭਿਆ ਜਾ ਸਕੇ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਪੰਥਕ ਇਤਿਹਾਸ, ਮਰਯਾਦਾ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ।
ਮੀਟਿੰਗ ਵਿੱਚ ਸ਼ਾਮਲ ਆਗੂਆਂ ਨੇ ਸਾਂਝੀ ਰਣਨੀਤੀ ਬਣਾਉਣ, ਪੰਥਕ ਮਸਲਿਆਂ ‘ਤੇ ਇਕਜੁੱਟ ਰੁਖ ਅਪਣਾਉਣ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਏਕਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਲਗਾਤਾਰ ਸਲਾਹ-ਮਸ਼ਵਰਾ ਜਾਰੀ ਰੱਖਣ ‘ਤੇ ਸਹਿਮਤੀ ਜਤਾਈ। ਇਹ ਵੀ ਨਿਰਣੇ ਲਿਆ ਗਿਆ ਕਿ ਭਵਿੱਖ ਵਿੱਚ ਹੋਰ ਮੀਟਿੰਗਾਂ ਕਰਕੇ ਪੰਥਕ ਵਰਗਾਂ, ਵਿਦਵਾਨਾਂ ਅਤੇ ਜ਼ਿੰਮੇਵਾਰ ਸਿੱਖ ਆਗੂਆਂ ਨੂੰ ਨਾਲ ਜੋੜਿਆ ਜਾਵੇਗਾ।
ਵੱਖ-ਵੱਖ ਪੰਥ ਦਰਦੀਆਂ ਅਤੇ ਸੂਝਵਾਨ ਸਿੱਖ ਆਗੂਆਂ ਵੱਲੋਂ ਵੀ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਨਾਲ ਸੰਪਰਕ ਕਰਕੇ ਬੇਨਤੀ ਕੀਤੀ ਗਈ ਕਿ ਉਹ ਪੰਥ ਨੂੰ ਇਕ ਮੰਚ ‘ਤੇ ਲਿਆਂਦਾ ਜਾਣ ਵਿੱਚ ਅਗਵਾਈ ਕਰਨ। ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਕਜੁੱਟ ਅਤੇ ਸੂਝਬੂਝ ਭਰੀ ਅਗਵਾਈ ਦੀ ਲੋੜ ਹੈ, ਜੋ ਪੰਥ ਨੂੰ ਸਹੀ ਦਿਸ਼ਾ ਦੇ ਸਕੇ।
ਇਹ ਮੀਟਿੰਗ ਪੰਥਕ ਏਕਤਾ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਦੇਖੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਸਾਂਝੀ ਆਵਾਜ਼ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
