Sons turn into executioners! Mother murdered for refusing to sign land documents
ਪੁੱਤ ਹੀ ਬਣ ਗਏ ਜੱਲਾਦ ! ਜ਼ਮੀਨ ਦੇ ਕਾਗਜ਼ਾਂ ‘ਤੇ ਸਾਈਨ ਨਾ ਕਰਨ ‘ਤੇ ਮਾਂ ਦਾ ਕਰ’ਤਾ ਕਤਲ
ਜਮਸ਼ੇਦਪੁਰ (ਆਵਾਜ਼ਿ ਕੌਮ ਬਿਊਰੋ)-ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ‘ਚ ਜ਼ਮੀਨ ਵੇਚਣ ਦੇ ਦਸਤਾਵੇਜ਼ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਨ ‘ਤੇ ਆਪਣੀ 80 ਸਾਲਾ ਮਾਂ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਅੱਗ ਦੇ ਹਵਾਲੇ ਕਰਨ ਦੇ ਦੋਸ਼ ‘ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਰਾਤ ਜਮਸ਼ੇਦਪੁਰ ਕੋਲ ਐੱਮਜੀਐੱਮ ਥਾਣਾ ਖੇਤਰ ਦੇ ਅਧੀਨ ਬਾਰਾਬੰਕੀ ਪਿੰਡ ਦੇ ਬੰਧਡੀਹ ਟੋਲਾ ‘ਚ ਵਿਵਾਦ ਮਗਰੋਂ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਵੀ ਮਹਾਤੋ ਅਤੇ ਦੁਰਯੋਧਨ ਮਹਾਤੋ (ਦੋਵਾਂ ਦੀ ਉਮਰ 50 ਸਾਲ ਤੋਂ ਵੱਧ), ਜ਼ਮੀਨ ਦਾ ਇੱਕ ਟੁਕੜਾ ਵੇਚਣਾ ਚਾਹੁੰਦੇ ਸਨ ਅਤੇ ਇਸ ਲਈ ਉਹ ਆਪਣੀ ਬਜ਼ੁਰਗ ਮਾਂ ‘ਤੇ ਜ਼ਮੀਨ ਵੇਚਣ ਦੇ ਦਸਤਾਵੇਜ਼ ‘ਤੇ ਦਸਤਖ਼ਤ ਕਰਨ ਦਾ ਦਬਾਅ ਬਣਾ ਰਹੇ ਸਨ ਪਰ ਉਹ ਇਸ ਲਈ ਤਿਆਰ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੋਸ਼ ਹੈ ਕਿ ਦੋਵਾਂ ਨੇ ਸੋਮਵਾਰ ਰਾਤ ਨੂੰ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ, ਪਿੰਡ ਦੇ ਮੁਖੀ ਨੂੰ ਘਟਨਾ ਦਾ ਪਤਾ ਲੱਗਿਆ ਅਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਦੀ ਇਕ ਟੀਮ ਮੌਕੇ ‘ਤੇ ਪਹੁੰਚੀ। ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ, ਪੁਲਸ ਨੇ ਅੱਧ ਸੜੀ ਹੋਈ ਲਾਸ਼ ਬਰਾਮਦ ਕੀਤੀ ਅਤੇ ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਐੱਮਜੀਐੱਮ ਪੁਲਸ ਸਟੇਸ਼ਨ ਦੇ ਅਧਿਕਾਰੀ ਸਚਿਨ ਕੁਮਾਰ ਦਾਸ ਨੇ ਕਿਹਾ ਕਿ ਪੁਲਸ ਨੇ ਦੋਵਾਂ ਪੁੱਤਰਾਂ ਨੂੰ ਪੁੱਛ-ਗਿੱਛ ਲਈ ਹਿਰਾਸਤ ‘ਚ ਲਿਆ ਹੈ। ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ।

