Special campaign launched at City Station, 494 passengers fined Rs 4.17 lakh
ਸਿਟੀ ਸਟੇਸ਼ਨ ‘ਤੇ ਚਲਾਈ ਗਈ ਸਪੈਸ਼ਲ ਮੁਹਿੰਮ, 494 ਯਾਤਰੀਆਂ ਨੂੰ 4.17 ਲੱਖ ਜੁਰਮਾਨਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ‘ਫੋਰਟ੍ਰੈੱਸ ਚੈੱਕ’ ਤਹਿਤ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਟਿਕਟ ਜਾਂਚ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ਼.) ਦੀ ਸਾਂਝੀ ਟੀਮ ਨੇ ਸਟੇਸ਼ਨ ਕੰਪਲੈਕਸ ਵਿਚ ਯਾਤਰੀਆਂ ਦੀਆਂ ਟਿਕਟਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਕਾਰਵਾਈ ਦੌਰਾਨ 494 ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰੀਆਂ ਨੂੰ ਫੜਿਆ ਗਿਆ, ਜਿਨ੍ਹਾਂ ਤੋਂ ਲਗਭਗ 4.17 ਲੱਖ ਰੁਪਏ ਦਾ ਮਾਲੀਆ ਜੁਰਮਾਨੇ ਦੇ ਰੂਪ ਵਿਚ ਵਸੂਲਿਆ ਗਿਆ। ਮੁਹਿੰਮ ਦੀ ਅਗਵਾਈ ਸਹਾਇਕ ਵਪਾਰਕ ਪ੍ਰਬੰਧਕ ਰਾਜ ਕੁਮਾਰ ਨੇ ਕੀਤੀ। ਟਿਕਟ ਜਾਂਚ ਦੌਰਾਨ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਦੇ ਨਾਲ-ਨਾਲ ਰੇਲਵੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਜਾਂਚ ਦੌਰਾਨ ਬਿਨਾਂ ਟਿਕਟ ਜਾਂ ਅਨਿਯਮਿਤ ਰੂਪ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਵੱਲੋਂ ਵੱਖ-ਵੱਖ ਸਟੇਸ਼ਨਾਂ ’ਤੇ ਅਜਿਹੀ ਜਾਂਚ ਮੁਹਿੰਮ ਚਲਾ ਕੇ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ‘ਫੋਰਟ੍ਰੈੱਸ ਚੈੱਕ’ ਰੇਲਵੇ ਦੀ ਵਿਸ਼ੇਸ਼ ਜਾਂਚ ਮੁਹਿੰਮ ਹੈ, ਜਿਸ ਤਹਿਤ ਕਿਸੇ ਸਟੇਸ਼ਨ, ਟ੍ਰੇਨ ਜਾਂ ਰੇਲ ਸੈਕਸ਼ਨ ਵਿਚ ਬਿਨਾਂ ਅਗਾਊਂ ਸੂਚਨਾ ਦੇ ਵੱਡੇ ਪੱਧਰ ’ਤੇ ਟਿਕਟ ਜਾਂਚ ਕੀਤੀ ਜਾਂਦੀ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਵਿਸ਼ੇਸ਼ ਜਾਂਚ ਮੁਹਿੰਮ ਲਗਾਤਾਰੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਯਾਤਰਾ ਤੋਂ ਪਹਿਲਾਂ ਜਾਇਜ਼ ਟਿਕਟ ਜ਼ਰੂਰ ਲਵੋ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਕਰੋ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਟਿਕਟ ਯਾਤਰਾ ਨਾ ਸਿਰਫ ਰੇਲਵੇ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਇਹ ਨਿਯਮਾਂ ਦੀ ਉਲੰਘਣਾ ਵੀ ਹੈ, ਜਿਸ ਲਈ ਸਜ਼ਾ ਦਾ ਪ੍ਰਬੰਧ ਹੈ। ਮੁਹਿੰਮ ਦੌਰਾਨ ਸਹਾਇਕ ਵਪਾਰਕ ਪ੍ਰਬੰਧਕ ਰਾਜ ਕੁਮਾਰ ਨੇ ਸਟੇਸ਼ਨ ’ਤੇ ਯਾਤਰੀ ਸਹੂਲਤਾਂ ਅਤੇ ਖਾਣ-ਪੀਣ ਦੀ ਵਿਵਸਥਾ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਸਟੇਸ਼ਨ ਕੰਪਲੈਕਸ ਵਿਚ ਯਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਿਵਸਥਾ ਨਾਲ ਸਬੰਧਤ ਪਹਿਲੂਆਂ ਦੀ ਜਾਂਚ ਕੀਤੀ।

