Special Meeting of Akali Dal Waris Punjab and International Panthic Dal UK at Wensfield Guru Nanak Gurdwara: Discussion on Tarn Taran Election
ਵੈਨਸਫੀਲਡ ਗੁਰੂ ਨਾਨਕ ਗੁਰਦੁਆਰੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਅਤੇ ਇੰਟਰਨੈਸ਼ਨਲ ਪੰਥਕ ਦਲ ਯੂਕੇ ਦੀ ਵਿਸ਼ੇਸ਼ ਮੀਟਿੰਗ: ਤਰਨ ਤਾਰਨ ਚੋਣ ‘ਤੇ ਚਰਚਾ

ਵੁਲਵਰਹੈਮਪਟਨ, 20 ਅਕਤੂਬਰ (ਖ਼ਾਸ ਰਿਪੋਰਟ) – ਅੱਜ ਗੁਰੂ ਨਾਨਕ ਗੁਰਦੁਆਰਾ ਵੈਨਸਫੀਲਡ ਵੁਲਵਰਹੈਮਪਟਨ ਵਿਖੇ ਅਕਾਲੀ ਦਲ ਵਾਰਸ ਪੰਜਾਬ (ਯੂਕੇ) ਅਤੇ ਇੰਟਰਨੈਸ਼ਨਲ ਪੰਥਕ ਦਲ ਯੂਕੇ ਦੇ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਹਿੱਸਾ ਲਿਆ।
ਮੀਟਿੰਗ ਦਾ ਮੁੱਖ ਵਿਸ਼ਾ ਤਰਨਤਾਰਨ ਹਲਕੇ ਵਿੱਚ ਹੋ ਰਹੀ ਜ਼ਿਮਨੀ ਚੋਣ ਰਿਹਾ, ਜਿਸ ਵਿੱਚ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਭਾਈ ਮਨਦੀਪ ਸਿੰਘ ਭਰਾਤਾ (ਭਾਈ ਸੰਦੀਪ ਸਿੰਘ ਸਨੀ) ਨੂੰ ਪੰਥਕ ਸਾਂਝੇ ਉਮੀਦਵਾਰ ਵਜੋਂ ਖੜਾ ਕੀਤਾ ਗਿਆ ਹੈ।
ਸੰਗਤ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਚੋਣ ਵਿੱਚ ਭਾਰੀ ਵੋਟਾਂ ਨਾਲ ਕਾਮਯਾਬ ਕੀਤਾ ਸੀ, ਉਸੇ ਤਰ੍ਹਾਂ ਹੁਣ ਤਰਨਤਾਰਨ ਤੋਂ ਭਾਈ ਮਨਦੀਪ ਸਿੰਘ ਨੂੰ ਵੀ ਐਮਐਲਏ ਚੋਣ ਵਿੱਚ ਕਾਮਯਾਬ ਕਰਵਾਉਣਾ ਪੰਥਕ ਜਿੰਮੇਵਾਰੀ ਹੈ।

ਮੀਟਿੰਗ ਦੌਰਾਨ ਪੰਜਾਬ ਤੋਂ ਟੈਲੀਫ਼ੋਨ ਰਾਹੀਂ ਭਾਈ ਸੁਰਿੰਦਰ ਸਿੰਘ ਤਾਲਬਪੁਰਾ, ਜੋ ਅਕਾਲੀ ਦਲ ਵਾਰਸ ਪੰਜਾਬ ਦੇ ਸੀਨੀਅਰ ਆਗੂ ਹਨ, ਨਾਲ ਵੀ ਗੱਲਬਾਤ ਕੀਤੀ ਗਈ। ਮੈਂਬਰਾਂ ਨੇ ਆਪਣੇ ਸਵਾਲ ਪੇਸ਼ ਕੀਤੇ ਅਤੇ ਚੋਣ ਦੀ ਮਹੱਤਤਾ ’ਤੇ ਵਿਚਾਰ-ਵਟਾਂਦਰਾ ਕੀਤਾ।
ਸਭ ਨੇ ਇਹ ਸਹਿਮਤੀ ਜਤਾਈ ਕਿ ਆਪਣੇ ਰਿਸ਼ਤੇਦਾਰਾਂ, ਸਾਕ-ਸਬੰਧੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਰਾਹੀਂ ਇਸ ਚੋਣ ਵਿੱਚ ਪੂਰਾ ਯੋਗਦਾਨ ਪਾਇਆ ਜਾਵੇ। ਮੀਟਿੰਗ ਤੋਂ ਬਾਅਦ ਸੰਗਤ ਵੱਲੋਂ ਇੱਕ ਅਪੀਲ ਵੀਡੀਓ ਜਾਰੀ ਕੀਤੀ ਗਈ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਅਕਾਲੀ ਦਲ ਵਾਰਸ ਪੰਜਾਬ ਯੂਕੇ ਵੱਲੋਂ ਭਾਈ ਜਗਰੂਪ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ, ਦੀਪਾ ਸਿੰਘ, ਚਰਨਜੀਤ ਸਿੰਘ, ਪ੍ਰਭਜੀਤ ਸਿੰਘ, ਜੋਗਾ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

ਇਸੇ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਪ੍ਰਧਾਨ ਭਾਈ ਰਘਬੀਰ ਸਿੰਘ ਵਾਲਸਾਲ, ਭਾਈ ਪਰਮਜੀਤ ਸਿੰਘ ਢਾਡੀ (ਅੰਤਰਰਾਸ਼ਟਰੀ ਚੀਫ਼ ਆਰਗੇਨਾਈਜ਼ਰ), ਭਾਈ ਮੱਖਣ ਸਿੰਘ ਬਰਮਿੰਘਮ, ਭਾਈ ਗੁਰਸ਼ਰਨ ਸਿੰਘ ਅਤੇ ਹੋਰ ਕਈ ਪਤਵੰਤੇ ਸਿੰਘ ਵੀ ਸ਼ਾਮਲ ਸਨ।
ਸਭ ਨੇ ਇਕਸੁਰ ਹੋ ਕੇ ਕਿਹਾ ਕਿ ਅਸੀਂ ਤਨ-ਮਨ-ਧਨ ਨਾਲ ਭਾਈ ਮਨਦੀਪ ਸਿੰਘ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਰਹਾਂਗੇ ਅਤੇ ਪੰਥਕ ਇਕਤਾ ਦਾ ਸੰਦੇਸ਼ ਦੇਵਾਂਗੇ।
ਮੀਟਿੰਗ ਦੇ ਅੰਤ ਵਿੱਚ ਸੰਗਤ ਨੇ ਅਪੀਲ ਕੀਤੀ ਕਿ ਸਮੁੱਚਾ ਖਾਲਸਾ ਪੰਥ ਇਸ ਚੋਣ ਨੂੰ ਆਪਣੀ ਜਿੰਮੇਵਾਰੀ ਸਮਝੇ ਅਤੇ ਭਾਈ ਮਨਦੀਪ ਸਿੰਘ ਨੂੰ ਪੰਥ ਦਾ ਸਾਂਝਾ ਉਮੀਦਵਾਰ ਮੰਨ ਕੇ ਪੂਰਾ ਸਹਿਯੋਗ ਦੇਵੇ।
