Spices from a famous company under suspicion again; serious questions raised regarding purity
ਮੁੜ ਸ਼ੱਕ ਦੇ ਘੇਰੇ ‘ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
New Delhi, (ਆਵਾਜ਼ਿ ਕੌਮ ਬਿਊਰੋ)-ਤਿਉਹਾਰਾਂ ਤੋਂ ਪਹਿਲਾਂ ਦੇਸ਼ ਭਰ ਵਿਚ ਭੋਜਨ ਪਦਾਰਥਾਂ ਦੀ ਸਾਫ਼-ਸਫਾਈ ਅਤੇ ਰੱਖ-ਰਖਾਅ ਨੂੰ ਲੈ ਕੇ ਆਮ ਲੋਕਾਂ ਵਿਚ ਸਾਵਧਾਨੀ ਵਧ ਗਈ ਹੈ। ਇਸ ਮੁਹਿੰਮ ਦਰਮਿਆਨ ਹਰ ਘਰ ਵਿਚ ਮਿਲਣ ਵਾਲੇ ਮਸਾਲਿਆਂ ਦੀ ਸ਼ੁੱਧਤਾ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਕ ਸੁਤੰਤਰ ਪ੍ਰਯੋਗਸ਼ਾਲਾ ਵਿਚ ਕੀਤੇ ਗਏ ਟੈਸਟਾਂ ਵਿੱਚ MDH ਗਰਮ ਮਸਾਲਾ ਦੇ ਨਮੂਨਿਆਂ ‘ਚ 5 ਕੀਟਨਾਸ਼ਕ ਅਤੇ ਕਿਚਨ ਕਿੰਗ ਮਸਾਲਾ ਦੇ ਨਮੂਨਿਆਂ ‘ਚ 3 ਕੀਟਨਾਸ਼ਕ FSSAI ਦੁਆਰਾ ਨਿਰਧਾਰਤ ਵੱਧ ਤੋਂ ਵੱਧ ਸੀਮਾ (MRL) ਤੋਂ ਵੱਧ ਪਾਏ ਗਏ ਹਨ। Deepakthakranfitness ਅਕਾਉਂਟ ਤੋਂ ਜਾਰੀ ਹੋਈ Instagram ਵੀਡੀਓ ‘ਚ ਦੀਪਕ ਨੇ ਕਿਹਾ ਕਿ ਮੈਂ MDH ਗਰਮ ਮਸਾਲਾ ਅਤੇ ਕਿਚਨ ਕਿੰਗ ਦਾ ਸੁਤੰਤਰ ਤੌਰ ‘ਤੇ ਪ੍ਰਯੋਗਸ਼ਾਲਾ ਟੈਸਟ ਕਰਵਾਇਆ ਅਤੇ ਦੋਵਾਂ ਨਮੂਨਿਆਂ ‘ਚ ਮਿਲੇ ਕੀਟਨਾਸ਼ਕਾਂ ਦੇ ਪੱਧਰ ਨੇ ਮੈਨੂੰ ਚਿੰਤਾ ਵਿਚ ਪਾ ਦਿੱਤਾ ਹੈ। ਦੀਪਕ ਮੁਤਾਬਕ ਉਹ MDH ਮਸਾਲਿਆਂ ਦੀ ਜਾਂਚ ਕਰਨ ਲਈ 28,000 ਰੁਪਏ ਖਰਚ ਕਰ ਚੁੱਕੇ ਹਨ। ਉਸ ਨੇ ਕਿਹਾ ਮੈਨੂੰ ਰਿਫੰਡ ਨਹੀਂ ਚਾਹੀਦਾ—ਮੈਂ ਸਿਰਫ਼ MDH ਤੋਂ ਸਪੱਸ਼ਟਤਾ ਚਾਹੁੰਦਾ ਹਾਂ ਕਿ ਇਹਨਾਂ ਟੈਸਟ ਕੀਤੇ ਨਮੂਨਿਆਂ ਵਿਚ ਕੀਟਨਾਸ਼ਕ ਸੀਮਾ ਤੋਂ ਪਾਰ ਕਿਉਂ ਹਨ। ਵੀਡੀਓ ਜਾਰੀ ਕਰਕੇ ਦੀਪਕ ਨੇ ਸਵਾਲ ਪੁੱਛਿਆ ਹੈ ਕਿ ਇਹ ਨਤੀਜੇ ਇੱਕ ਖਾਸ ਬੈਚ ਤੋਂ ਹਨ ਅਤੇ ਕੀ ਸਾਨੂੰ ਸੱਚ ਦੇਖਣ ਲਈ ਇੱਕ ਨਵੇਂ ਬੈਚ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ ਕਿ ਇਹੀ ਸਮੱਸਿਆ ਆਉਂਦੀ ਹੈ? ਟਰੱਸਟੀਫਾਈਡ ਲੈਬ ਰਿਪੋਰਟ ਅਨੁਸਾਰ, ਟੈਸਟ ਕੀਤੇ ਗਏ ਖਾਸ ਬੈਚਾਂ ਵਿੱਚ ਕੀਟਨਾਸ਼ਕਾਂ ਦਾ ਪੱਧਰ ਨਿਰਧਾਰਤ ਮਾਪਦੰਡਾਂ ਤੋਂ ਵੱਧ ਸੀ। ਇਸ ਤੋਂ ਪਹਿਲਾਂ, ਰਾਜਸਥਾਨ ਦੇ ਸਿਹਤ ਵਿਭਾਗ ਦੁਆਰਾ ਕੀਤੀ ਗਈ ਇੱਕ ਜਾਂਚ ਵਿੱਚ MDH ਅਤੇ ਐਵਰੈਸਟ ਦੇ ਕੁਝ ਮਸਾਲਿਆਂ ਵਿੱਚ ਟ੍ਰਾਈਸਾਈਕਲਾਜ਼ੋਲ ਅਤੇ ਪ੍ਰੋਫੇਨੋਫੋਸ ਵਰਗੇ ਕੀਟਨਾਸ਼ਕਾਂ ਦੀ ਮੌਜੂਦਗੀ ਦਾ ਵੀ ਖੁਲਾਸਾ ਹੋਇਆ ਸੀ। ਕੁਝ ਨਮੂਨਿਆਂ ਵਿੱਚ ਸੂਖਮ ਜੀਵ ਵਿਗਿਆਨਿਕ ਮਾਪਦੰਡ (ਜਿਵੇਂ ਕਿ ਐਂਟਰੋਬੈਕਟੀਰੀਆਸੀ) ਵੀ ਨਿਰਧਾਰਤ ਸੀਮਾਵਾਂ ਤੋਂ ਵੱਧ ਪਾਏ ਗਏ ਸਨ। ਹਾਲਾਂਕਿ ਕੁਝ ਸੁਤੰਤਰ ਜਾਂਚਕਰਤਾਵਾਂ ਨੇ ਸਪੱਸ਼ਟ ਕੀਤਾ ਕਿ ਗਰਮ ਮਸਾਲਾ ਦੇ ਕੁਝ ਹਾਲੀਆ ਬੈਚਾਂ ਵਿੱਚ ਬੈਕਟੀਰੀਆ ਕੰਟਰੋਲ ਵਿੱਚ ਸਨ ਪਰ ਕੀਟਨਾਸ਼ਕ ਅਜੇ ਵੀ ਉੱਚੇ ਸਨ। 2024 ਦੇ ਸ਼ੁਰੂ ਵਿੱਚ, ਜਦੋਂ ਹਾਂਗ ਕਾਂਗ ਅਤੇ ਸਿੰਗਾਪੁਰ ਨੇ ਈਥੀਲੀਨ ਆਕਸਾਈਡ (EtO) ਕਾਰਨ ਭਾਰਤੀ ਮਸਾਲਿਆਂ ਬਾਰੇ ਸਵਾਲ ਖੜ੍ਹੇ ਹੋਏ ਸਨ। ਬਾਅਦ ਵਿਚ FSSAI ਦੀ ਦੇਸ਼ ਵਿਆਪੀ ਜਾਂਚ ਵਿਚ ਜ਼ਿਆਦਾਤਰ ਘਰੇਲੂ ਨਮੂਨੇ ਈਟੋ-ਮੁਕਤ ਪਾਏ ਸਨ।

