Strict security measures at Adampur Airport after drone sighting in Amritsar, bomb disposal team conducts search operation
ਅੰਮ੍ਰਿਤਸਰ ’ਚ ਡਰੋਨ ਹਲਚਲ ਮਗਰੋਂ ਆਦਮਪੁਰ ਏਅਰਪੋਰਟ ’ਤੇ ਸਖ਼ਤੀ, ਬੰਬ ਨਿਰੋਧਕ ਟੀਮ ਨੇ ਚਲਾਇਆ ਸਰਚ ਆਪ੍ਰੇਸ਼ਨ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ਏਅਰਪੋਰਟ ਦੇ ਆਲੇ-ਦੁਆਲੇ ਸ਼ੱਕੀ ਡਰੋਨ ਗਤੀਵਿਧੀਆਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਨੇ ਸੰਵੇਦਨਸ਼ੀਲ ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ। ਇਸੇ ਲੜੀ ਤਹਿਤ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਅੱਜ ਆਦਮਪੁਰ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਐੱਸ. ਐੱਸ. ਪੀ. ਵਿਰਕ ਦੇ ਨਿਰਦੇਸ਼ਾਂ ’ਤੇ ਜਲੰਧਰ ਦਿਹਾਤੀ ਪੁਲਿਸ ਦੀ ਬੰਬ ਨਿਰੋਧਕ ਅਤੇ ਐਂਟੀ-ਸਬੋਤਾਜ (ਤੋੜ-ਫੋੜ ਵਿਰੋਧੀ) ਟੀਮ ਨੇ ਆਦਮਪੁਰ ਹਵਾਈ ਅੱਡੇ ਅਤੇ ਇਸ ਦੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਸਥਾਨਾਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਟੀਮ ਨੇ ਹਵਾਈ ਅੱਡੇ ਦੇ ਆਗਮਨ ਖੇਤਰ, ਵਾਹਨਾਂ ਦੀ ਆਵਾਜਾਈ ਵਾਲੀਆਂ ਥਾਵਾਂ, ਦਾਖਲਾ ਤੇ ਨਿਕਾਸ ਪੁਆਇੰਟਾਂ ਅਤੇ ਓਪਰੇਸ਼ਨਲ ਏਰੀਏ ਨਾਲ ਜੁੜੀਆਂ ਮਹੱਤਵਪੂਰਨ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਸ ਕਰਮਚਾਰੀਆਂ ਨੇ ਸੰਭਾਵਿਤ ਸ਼ੱਕੀ ਵਸਤੂਆਂ ਅਤੇ ਅਸਧਾਰਨ ਗਤੀਵਿਧੀਆਂ ਦੀ ਭਾਲ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਜੁੜੇ ਸਾਰੇ ਮਹੱਤਵਪੂਰਨ ਪਹਿਲੂਆਂ ਦੀ ਸਮੀਖਿਆ ਕੀਤੀ। ਹਵਾਈ ਅੱਡੇ ‘ਤੇ ਤਾਇਨਾਤ ਸਟਾਫ਼ ਨੂੰ ਵੀ ਅਲਰਟ ਰਹਿਣ ਅਤੇ ਕਿਸੇ ਵੀ ਸ਼ੱਕੀ ਹਰਕਤ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਆਲੇ-ਦੁਆਲੇ ਸ਼ੱਕੀ ਡਰੋਨ ਗਤੀਵਿਧੀਆਂ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਇਸੇ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਿਸ ਨੇ ਆਦਮਪੁਰ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਇਹਿਆਤੀ ਕਦਮ ਚੁੱਕੇ ਹਨ। ਜਲੰਧਰ ਦਿਹਾਤੀ ਪੁਲਸ ਨੇ ਆਮ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੇ ਆਲੇ-ਦੁਆਲੇ ਕਿਸੇ ਵੀ ਸ਼ੱਕੀ ਵਿਅਕਤੀ, ਵਸਤੂ ਜਾਂ ਡਰੋਨ ਵਰਗੀ ਗਤੀਵਿਧੀ ਦਿਖਾਈ ਦੇਣ ‘ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ। ਪੁਲਸ ਦਾ ਕਹਿਣਾ ਹੈ ਕਿ ਆਮ ਜਨਤਾ ਦੀ ਚੌਕਸੀ ਅਤੇ ਸਹਿਯੋਗ ਨਾਲ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।

