Students, take note! An SMS will be sent home as soon as this is done; a new system has been launched in Chandigarh schools
ਵਿਦਿਆਰਥੀ ਸਾਵਧਾਨ! ਇਹ ਕੰਮ ਕਰਦੇ ਹੀ ਘਰ ਪੁੱਜੇਗਾ SMS, ਚੰਡੀਗੜ੍ਹ ਦੇ ਸਕੂਲਾਂ ‘ਚ ਨਵਾਂ ਸਿਸਟਮ ਸ਼ੁਰੂ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸ਼ਹਿਰ ਦੇ ਸਰਕਾਰੀ ਸਕੂਲਾਂ ‘ਚ ਹੁਣ ਬੰਕ ਨਹੀਂ ਚੱਲੇਗਾ। ਵਿਦਿਆਰਥੀ ਜੇਕਰ ਘਰੋਂ ਸਕੂਲ ਆਇਆ ਅਤੇ ਹਾਜ਼ਰੀ ਲਾਉਣ ਤੱਕ ਸਕੂਲ ਨਹੀਂ ਪੁੱਜਾ ਤਾਂ ਕੁੱਝ ਸੈਕਿੰਡਾਂ ‘ਚ ਹੀ ਇਹ ਜਾਣਕਾਰੀ ਮਾਪਿਆਂ ਤੱਕ ਮੈਸਜ ਰਾਹੀਂ ਪਹੁੰਚ ਜਾਵੇਗੀ। ਸਕੂਲ ਸਿੱਖਿਆ ਵਿਭਾਗ ਨੇ ਟੀਚਰਜ਼ ਪੇਰੈਂਟਸ ਗੱਲਬਾਤ ਨੂੰ ਮਜ਼ਬੂਤ ਕਰਦੇ ਹੋਏ ਵਿਦਿਆਰਥੀਆਂ ਵਲੋਂ ਹੋਣ ਵਾਲੀਆਂ ਗਲਤੀਆਂ ‘ਤੇ ਸੁਧਾਰ ਲਈ ਸਕੂਲ ਮੈਨਜਮੈਂਟ ਇਨਫੋਰਮੇਸ਼ਨ ਸਿਸਟਮ (ਐੱਮ. ਐੱਮ. ਆਈ. ਐੱਸ.) ਲਾਂਚ ਕੀਤਾ ਹੈ। ਇਸ ਨਾਲ ਸਵੇਰ ਦੀ ਪਹਿਲੀ ਹਾਜ਼ਰੀ ਲੱਗਦੇ ਹੀ ਵਿਦਿਆਰਥੀਆਂ ਦੇ ਗੈਰ-ਹਾਜ਼ਰ ਹੋਣ ‘ਤੇ ਜਾਣਕਾਰੀ ਮਾਪਿਆਂ ਦੇ ਮੋਬਾਇਲ ਨੰਬਰ ‘ਤੇ ਟੈਕਸਟ ਮੈਸਜ ਰਾਹੀਂ ਚਲੀ ਜਾਵੇਗੀ। ਜੇਕਰ ਵਿਦਿਆਰਥੀ ਸਕੂਲ ‘ਚੋਂ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਜਾਣਕਾਰੀ ਸਕੂਲ ਲੱਗਣ ਦੇ ਇਕ ਘੰਟੇ ਦੇ ਅੰਦਰ ਉਸ ਦੇ ਮਾਪਿਆਂ ਤੱਕ ਪਹੁੰਚ ਜਾਂਦੀ ਹੈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਟਰੈਕ ਕਰਨਾ ਸੌਖਾ ਹੁੰਦਾ ਹੈ। ਕਈ ਵਿਦਿਆਰਥੀ ਘਰਾਂ ਤੋਂ ਸਕੂਲ ਤਾਂ ਆਉਂਦੇ ਹਨ ਪਰ ਸਕੂਲ ਜਾਂ ਕਲਾਸ ‘ਚ ਪੁੱਜਣ ਤੋਂ ਪਹਿਲਾਂ ਹੀ ਉਹ ਕਿਸੇ ਪਾਰਕ ਜਾਂ ਫਿਰ ਮਾਰਕਿਟ ‘ਚ ਬੈਠ ਕੇ ਮਸਤੀ ਕਰਦੇ ਹੋਏ ਮਿਲਦੇ ਹਨ। ਸਕੂਲ ਸਮੇਂ ‘ਚ ਪਾਰਕ ਜਾਂ ਕਿਸੇ ਬਜ਼ਾਰ ‘ਚ ਬੈਠ ਕੇ ਮਸਤੀ ਕਰਨ ਦੌਰਾਨ ਕੋਈ ਵੀ ਹਾਦਸਾ ਹੋਣ ਦਾ ਡਰ ਰਹਿੰਦਾ ਹੈ ਅਤੇ ਮਾਪਿਆਂ ਅਤੇ ਅਧਿਆਪਕਾਂ ‘ਚ ਗੱਲਬਾਤ ਦੀ ਵੀ ਘਾਟ ਰਹਿੰਦੀ ਹੈ। ਹੁਣ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਹਾਜ਼ਰੀ ਦੇ ਸਮੇਂ ਕਲਾਸ ‘ਚ ਰਹਿਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਸਕੂਲ ਸਮੇਂ ‘ਚ ਬਾਹਰ ਜਾਣਾ ਹੈ ਤਾਂ ਮਾਪਿਆਂ ਦੀ ਸਹਿਮਤੀ ਹੋਣੀ ਲਾਜ਼ਮੀ ਰਹਿੰਦੀ ਹੈ। ਉਨ੍ਹਾਂ ਤੋਂ ਬਿਨਾਂ ਉਹ ਸਕੂਰ ਦਾ ਗੇਟ ਆਪਣੀ ਮਰਜ਼ੀ ਨਾਲ ਨਹੀਂ ਲੰਘ ਸਕਦਾ। ਇਹ ਵਿਵਸਥਾ ਸ਼ਹਿਰ ਦੇ 111 ਸਰਕਾਰੀ ਸਕੂਲਾਂ ਦੇ ਇਕ ਲੱਖ, 70 ਹਜ਼ਾਰ ਵਿਦਿਆਰਥੀਆਂ ਨਾਲ ਜੁੜ ਗਈ ਹੈ। ਵਿਦਿਆਰਥੀਆਂ ਦੇ ਦਾਖ਼ਲੇ ਸਮੇਂ ਜੋ ਵੀ ਮੋਬਾਇਲ ਨੰਬਰ ਸਕੂਲ ਰਿਕਾਰਡ ‘ਚ ਦਰਜ ਹੁੰਦਾ ਹੈ, ਹਾਜ਼ਰੀ ਦੇ ਸਮੇਂ ਉਸੇ ‘ਤੇ ਟੈਕਸਟ ਮੈਸਜ ਨਾਲ ਜਾਣਕਾਰੀ ਮਾਪਿਆਂ ਤੱਕ ਪਹੁੰਚਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਵਿਦਿਆਰਥੀ ਸਕੂਲ ਪੁੱਜਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ‘ਚ ਹੁੰਦੀ ਹੈ ਪਰ ਵਿਭਾਗ ਨੇ ਹੁਣ ਇਸ ਨੂੰ ਸਰਕਾਰੀ ਸਕੂਲਾਂ ‘ਚ ਵੀ ਸ਼ੁਰੂ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਨਿਤਿਸ਼ ਸਿੰਗਲਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ‘ਤੇ ਬਿਹਤਰ ਕੰਟਰੋਲਿੰਗ ਦੇ ਨਾਲ ਮਾਪਿਆਂ ਅਤੇ ਅਧਿਆਪਕਾਂ ਵਿਚਾਲੇ ਗੱਲਬਾਤ ਦੀ ਘਾਟ ਨੂੰ ਵੀ ਦੂਰ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਵਿਦਿਆਰਥੀਆਂ ਦੇ ਗੈਰ-ਹਾਜ਼ਰ ਹੋਣ ‘ਤੇ ਮਾਪਿਆਂ ਨੂੰ ਤੁਰੰਤ ਸੂਚਨਾ ਮਿਲਦੀ ਹੈ, ਜਿਸ ਨਾਲ ਵਿਦਿਆਰਥੀ ਦੀ ਕਮੀ ਨੂੰ ਸਮਝ ਕੇ ਉਸ ਨੂੰ ਸੁਧਾਰਨ ਦਾ ਮੌਕਾ ਮਿਲੇਗਾ।

