Sweltering heat in Punjab can be dangerous for children, doctors issue advisory
ਪੰਜਾਬ ‘ਚ ਹੁੰਮਸ ਭਰੀ ਗਰਮੀ ਬੱਚਿਆਂ ਲਈ ਬਣ ਸਕਦੀ ਖ਼ਤਰਾ, ਡਾਕਟਰਾਂ ਵੱਲੋਂ ਐਡਵਾਈਜ਼ਰੀ ਜਾਰੀ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਗੁਰਦਾਸਪੁਰ ਸਮੇਤ ਸਰਹੱਦੀ ਖੇਤਰ ਵਿਚ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਭਾਵੇਂ 35 ਡਿਗਰੀ ਦੇ ਆਸ-ਪਾਸ ਹੈ ਪਰ ਹਵਾ ਵਿਚ ਜ਼ਿਆਦਾ ਨਮੀ (ਹੁੰਮਸ) ਕਾਰਨ ਅਸਲ ਗਰਮੀ 45 ਡਿਗਰੀ ਤੋਂ ਵੀ ਵੱਧ ਮਹਿਸੂਸ ਹੋ ਰਹੀ ਹੈ। ਇਸ ਅਸਹਿ ਗਰਮੀ ਕਾਰਨ ਆਮ ਜਨਜੀਵਨ, ਪਸ਼ੂ-ਪੰਛੀ ਅਤੇ ਬਨਸਪਤੀ ਪ੍ਰਭਾਵਿਤ ਹੋ ਰਹੇ ਹਨ, ਜਦਕਿ ਸਭ ਤੋਂ ਵੱਧ ਖ਼ਤਰਾ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਹੈ। ਇਸ ਸਥਿਤੀ ਨੂੰ ਦੇਖਦਿਆਂ ਗੁਰਦਾਸਪੁਰ ਦੇ ਬੱਚਿਆਂ ਦੇ ਮਾਹਿਰ ਡਾ. ਗੁਰਖੇਲ ਸਿੰਘ ਕਲਸੀ ਨੇ ਮਾਪਿਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰਦਿਆਂ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਕਈ ਅਹਿਮ ਸੁਝਾਅ ਦਿੱਤੇ ਹਨ। ਡਾ. ਕਲਸੀ ਨੇ ਦੱਸਿਆ ਕਿ ਬੱਚਿਆਂ ਦਾ ਸਰੀਰ ਅਜੇ ਵਿਕਾਸ ਅਧੀਨ ਹੁੰਦਾ ਹੈ ਅਤੇ ਉਹ ਵੱਡਿਆਂ ਵਾਂਗ ਆਪਣੇ ਸਰੀਰ ਦਾ ਤਾਪਮਾਨ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਿਤ ਨਹੀਂ ਕਰ ਸਕਦੇ। ਬੱਚਿਆਂ ਨੂੰ ਪਸੀਨਾ ਘੱਟ ਆਉਣ ਅਤੇ ਤੇਜ਼ ਮੈਟਾਬੋਲਿਜ਼ਮ ਕਾਰਨ ਸਰੀਰ ਵਿਚ ਗਰਮੀ ਵੱਧ ਬਣਦੀ ਹੈ, ਜਿਸ ਨਾਲ ਉਨ੍ਹਾਂ ਵਿਚ ਡੀ-ਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ। ਲੰਬੇ ਸਮੇਂ ਤੱਕ ਜ਼ਿਆਦਾ ਗਰਮੀ ਵਿਚ ਰਹਿਣ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਮਾਨਸਿਕ ਅਸਰ ਪੈਂਦਾ ਹੈ ਅਤੇ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਘਟਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ 1 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੀ ਤਕਲੀਫ਼ ਬਿਆਨ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਵਿਚ ਗਰਮੀ ਕਾਰਨ ਗੰਭੀਰ ਬਿਮਾਰੀਆਂ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਬੱਚੇ ਦਾ ਚਿੜਚਿੜਾ ਹੋਣਾ, ਲਗਾਤਾਰ ਰੋਣਾ, ਖਾਣਾ-ਪੀਣਾ ਘੱਟ ਕਰਨਾ, ਉਲਟੀਆਂ ਆਉਣੀਆਂ, ਪਿਸ਼ਾਬ ਘੱਟ ਆਉਣਾ ਜਾਂ ਬਹੁਤ ਜ਼ਿਆਦਾ ਸੁਸਤੀ ਇਸ ਦੇ ਮੁੱਖ ਚਿਤਾਵਨੀ ਸੰਕੇਤ ਹਨ, ਅਜਿਹੇ ਵਿਚ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ। ਮਾਪਿਆਂ ਨੂੰ ਸੁਝਾਅ ਦਿੰਦਿਆਂ ਡਾ. ਕਲਸੀ ਨੇ ਕਿਹਾ ਕਿ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਮੇਸ਼ਾ ਠੰਢੀ, ਖੁੱਲ੍ਹੀ ਅਤੇ ਹਵਾਦਾਰ ਥਾਂ ’ਤੇ ਰੱਖਿਆ ਜਾਵੇ, ਸਿਰਫ਼ ਹਲਕੇ ਸੂਤੀ ਕੱਪੜੇ ਪਹਿਨਾਏ ਜਾਣ, ਲੰਬੇ ਸਮੇਂ ਤੱਕ ਗੋਦ ਵਿਚ ਰੱਖਣ ਦੀ ਬਜਾਏ ਬੈੱਡ ’ਤੇ ਲਿਟਾਇਆ ਜਾਵੇ ਅਤੇ ਦਿਨ ਵਿਚ ਇਕ ਵਾਰ ਹਲਕੇ ਕੋਸੇ ਪਾਣੀ ਨਾਲ ਨੁਹਾਇਆ ਜਾਵੇ। ਇਸੇ ਤਰ੍ਹਾਂ 1 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦੁਪਹਿਰ ਦੀ ਸਿੱਧੀ ਧੁੱਪ ਵਿਚ ਬਾਹਰ ਨਾ ਜਾਣ ਦਿੱਤਾ ਜਾਵੇ, ਦਿਨ ਵਿਚ 2 ਵਾਰ ਨੁਹਾਇਆ ਜਾਵੇ ਅਤੇ ਸਰੀਰ ਵਿਚ ਪਾਣੀ ਦੀ ਕਮੀ ਤੋਂ ਬਚਾਉਣ ਲਈ ਨਿੰਬੂ ਪਾਣੀ, ਲੱਸੀ, ਸੱਤੂ, ਠੰਢਾ ਦੁੱਧ, ਰੂਹ ਅਫ਼ਜ਼ਾ, ਜਲਜੀਰਾ ਜਾਂ ਅੰਬ ਦਾ ਪੰਨਾ ਵਰਗੇ ਘਰੇਲੂ ਠੰਢੇ ਪੇਅ ਪਦਾਰਥ ਦਿੱਤੇ ਜਾਣ। ਉਨ੍ਹਾਂ ਅਪੀਲ ਕੀਤੀ ਕਿ ਗਰਮੀ ਦੇ ਇਸ ਮੌਸਮ ਵਿਚ ਬੱਚਿਆਂ ਦੀ ਸਿਹਤ ਪ੍ਰਤੀ ਕੋਈ ਲਾਪ੍ਰਵਾਹੀ ਨਾ ਵਰਤੀ ਜਾਵੇ।

