‘The attack was carried out by mistake..!’ Iranian officials ‘clarified’ after the strike
‘ਗ਼ਲਤੀ ਨਾਲ ਹੋ ਗਿਆ ਹਮਲਾ..!’ ਸਟ੍ਰਾਈਕ ਮਗਰੋਂ ਇਰਾਨੀ ਅਧਿਕਾਰੀਆਂ ਨੇ ਦਿੱਤੀ ‘ਸਫ਼ਾਈ’
Tehran, (ਆਵਾਜ਼ਿ ਕੌਮ ਬਿਊਰੋ)-ਹਾਲ ਹੀ ‘ਚ ਇਰਾਨ ਵੱਲੋਂ ਹੋਰਮੁਜ਼ ਤੋਂ ਲੰਘਣ ਵਾਲੇ ਕੁਝ ਜਹਾਜ਼ਾਂ ‘ਤੇ ਸਟ੍ਰਾਈਕ ਕੀਤੀ ਗਈ ਸੀ, ਜਿਸ ਤੋਂ ਬਾਅਦ ਇਰਾਨ ਤੇ ਅਮਰੀਕਾ ਵਿਚਾਲੇ ਦੀ ਜੰਗਬੰਦੀ ਖ਼ਤਰੇ ‘ਚ ਪੈ ਗਈ ਹੈ। ਇਸ ਹਮਲੇ ਮਗਰੋਂ ਜਦੋਂ ਅਮਰੀਕਾ ਨੇ ਇਰਾਨ ‘ਤੇ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਹੈ ਤਾਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਇਰਾਨ ਨੇ ਹੋਰਮੁਜ਼ ‘ਤੇ ਹੋਏ ਇਨ੍ਹਾਂ ਹਮਲਿਆਂ ਨੂੰ ਇਕ ‘ਗਲਤੀ’ ਦੱਸਿਆ ਹੈ। ਇਰਾਨ ਨੇ ਇਨ੍ਹਾਂ ਹਮਲਿਆਂ ਲਈ ਆਪਣੇ ਦੇਸ਼ ਦੇ ਗਲਤ ਰਾਹ ‘ਤੇ ਪਏ ਹਾਰਡਲਾਈਨਰਾਂ ਦੇ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਸਰਕਾਰੀ ਹੁਕਮਾਂ ਤੋਂ ਬਿਨਾਂ ਤੇ ਜੰਗਬੰਦੀ ਦੀ ਚੱਲ ਰਹੀ ਗੱਲਬਾਤ ਨੂੰ ਲੀਹ ਤੋਂ ਲਾਹੁਣ ਲਈ ਇਹ ਹਮਲੇ ਕੀਤੇ ਸਨ। ਇਸ ਮਗਰੋਂ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਰਾਨੀ ਅਧਿਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰਾਂ ਨਾਲ ਸੰਪਰਕ ਕਰ ਕੇ ਕਿਹਾ, “ਅਸੀਂ ਗਲਤੀ ਕੀਤੀ ਹੈ। ਆਓ ਗੱਲਬਾਤ ਮੁੜ ਸ਼ੁਰੂ ਕਰਦੇ ਹਾਂ।” ਹਾਲਾਂਕਿ, ਅਮਰੀਕਾ ਇਸ ਗੱਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ ਕਿ ਇਹ ਸਿਰਫ਼ ਕੁਝ ‘ਬਾਗੀ ਲੋਕਾਂ’ ਦੀ ਹੀ ਕਾਰਵਾਈ ਸੀ। ਅਮਰੀਕਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੀ ਗੱਲਬਾਤ ਤਦ ਹੀ ਵਧੇਗੀ ਜਦੋਂ ਇਰਾਨ ਜਨਤਕ ਤੌਰ ‘ਤੇ ਇਹ ਮੰਨੇਗਾ ਕਿ ਇਨ੍ਹਾਂ ਹਮਲਿਆਂ ਨਾਲ ਜੰਗਬੰਦੀ ਦੀ ਉਲੰਘਣਾ ਹੋਈ ਹੈ। ਅਮਰੀਕਾ ਲਈ ਹੁਣ ਸਭ ਤੋਂ ਵੱਡਾ ਇਮਤਿਹਾਨ ਇਹ ਹੈ ਕਿ ਕੀ ਇਰਾਨ ਹੋਰਮੁਜ਼ ‘ਚ ਜਹਾਜ਼ਾਂ ਦੀ ਆਵਾਜਾਈ ਨੂੰ ਪਹਿਲਾਂ ਵਾਂਗ ਬਹਾਲ ਕਰਦਾ ਹੈ ਜਾਂ ਨਹੀਂ। ਅਮਰੀਕੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਰਾਨ ਨੇ ਇਸ ਰਸਤੇ ਨੂੰ ਅੰਤਰਰਾਸ਼ਟਰੀ ਵਪਾਰ ਲਈ ਨਹੀਂ ਖੋਲ੍ਹਿਆ, ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਅਜੇ ਵੀ ਇਰਾਨ ਨੂੰ ਗੱਲਬਾਤ ਰਾਹੀਂ ਜੰਗ ਦਾ ਹੱਲ ਲੱਭਣ ਦਾ ਮੌਕਾ ਦੇ ਰਿਹਾ ਹੈ, ਪਰ ਰਾਸ਼ਟਰਪਤੀ ਟਰੰਪ ਦੀ ਟੀਮ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਇਰਾਨ ਨੇ ਦੁਬਾਰਾ ਹਮਲਾਵਰ ਰੁਖ਼ ਅਪਣਾਇਆ, ਤਾਂ ਅਮਰੀਕਾ ਫੌਜੀ ਅਤੇ ਆਰਥਿਕ ਦਬਾਅ ਦੀ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

