The beauty of Jalandhar city is being eclipsed; garbage being thrown on the roads, fear of spreading disease
ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ; ਸੜਕਾਂ ’ਤੇ ਸੁੱਟਿਆ ਜਾ ਰਿਹਾ ਕੂੜਾ, ਬੀਮਾਰੀ ਫੈਲਣ ਦਾ ਡਰ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਨਗਰ ਨਿਗਮ ਦੇ ਯੂਨੀਅਨ ਆਗੂਆਂ ਅਤੇ ਕਰਮਚਾਰੀਆਂ ਦੀ ਹੜਤਾਲ ਕਾਰਨ ਜਲੰਧਰ ਸ਼ਹਿਰ ਦੀ ਸਫਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪਿਛਲੇ 4-5 ਦਿਨਾਂ ਤੋਂ ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਥਾਂ-ਥਾਂ ਕੂੜੇ ਦੇ ਢੇਰ ਦਿਖਾਈ ਦੇਣ ਲੱਗੇ ਹਨ। ਸਰਕਾਰ ਸਮਰਥਕ ਚੰਦਨ ਗਰੇਵਾਲ ਗਰੁੱਪ ਅਤੇ ਬੰਟੂ ਸੱਭਰਵਾਲ ਗਰੁੱਪ ਨਾਲ ਸਬੰਧਤ ਯੂਨੀਅਨ ਆਗੂ ਤੇ ਕਰਮਚਾਰੀ ਹੜਤਾਲ ’ਤੇ ਹਨ। ਹੜਤਾਲ ਕਾਰਨ ਨਾ ਤਾਂ ਸਰਕਾਰੀ ਡਰਾਈਵਰ ਕੂੜਾ ਚੁੱਕ ਰਹੇ ਹਨ ਅਤੇ ਨਾ ਹੀ ਪ੍ਰਾਈਵੇਟ ਠੇਕੇਦਾਰਾਂ ਨੂੰ ਕੰਮ ਕਰਨ ਦਿੱਤਾ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਸ਼ਹਿਰ ਦੀ ਸਫਾਈ ਵਿਵਸਥਾ ’ਤੇ ਪੈ ਰਿਹਾ ਹੈ। ਇਕ ਪਾਸੇ ਮੇਅਰ ਵਨੀਤ ਧੀਰ ਸ਼ਹਿਰ ਦੀ ਬਿਊਟੀਫਿਕੇਸ਼ਨ ਨੂੰ ਲੈ ਕੇ ਕਈ ਕੰਮ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਸਫਾਈ ਵਿਵਸਥਾ ਵਿਗੜਨ ਨਾਲ ਇਨ੍ਹਾਂ ਯਤਨਾਂ ’ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ। ਸ਼ਨੀਵਾਰ ਨੂੰ ਨਿਗਮ ਕਰਮਚਾਰੀਆਂ ਨੇ ਪੀ. ਐੱਨ. ਬੀ. ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤਕ ਓਲਡ ਜੀ. ਟੀ. ਰੋਡ ਵਿਚਕਾਰ ਕੂੜੇ ਦੇ ਢੇਰ ਲਾ ਦਿੱਤੇ। ਇਸ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪੂਰੇ ਇਲਾਕੇ ਵਿਚ ਗੰਦਗੀ ਦਾ ਮਾਹੌਲ ਬਣ ਗਿਆ। ਇਸ ਨਾਲ ਬੀਮਾਰੀ ਫੈਲਣ ਦਾ ਵੀ ਡਰ ਬਣਿਆ ਰਿਹਾ। ਦੱਸ ਦੇਈਏ ਕਿ ਹਡ਼ਤਾਲ ਕਾਰਨ ਪਲਾਜ਼ਾ ਚੌਕ ਡੰਪ ਵੀ ਦੁਬਾਰਾ ਸ਼ੁਰੂ ਹੋ ਗਿਆ ਹੈ ਅਤੇ ਉਥੇ ਕੂੜੇ ਦੇ ਢੇਰ ਲੱਗਣ ਲੱਗੇ ਹਨ। ਸ਼ਹਿਰ ਦੀ ਵਿਗੜੀ ਸਫਾਈ ਵਿਵਸਥਾ ਕਾਰਨ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂਆਂ ਦੀਆਂ ਮੁੱਖ ਮੰਗਾਂ ਵਿਚ 607 ਕਰੋੜ ਰੁਪਏ ਦੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਨਿੱਜੀ ਕੰਪਨੀ ਨੂੰ ਨਾ ਦੇਣਾ ਅਤੇ 1196 ਸਫਾਈ ਕਰਮਚਾਰੀਆਂ ਦੀ ਪੱਕੀ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਕਰਨਾ ਸ਼ਾਮਲ ਹੈ, ਹਾਲਾਂਕਿ ਦੋਵਾਂ ਮੰਗਾਂ ਨੂੰ ਸਵੀਕਾਰ ਕਰਨਾ ਨਿਗਮ ਪ੍ਰਸ਼ਾਸਨ ਲਈ ਆਸਾਨ ਨਜ਼ਰ ਨਹੀਂ ਆ ਰਿਹਾ। ਮੰਗਲਵਾਰ ਨੂੰ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਲੈ ਕੇ ਚਰਚਾ ਹੋਣੀ ਹੈ ਅਤੇ ਇਸ ਨੂੰ ਨਿੱਜੀ ਕੰਪਨੀ ਨੂੰ ਸੌਂਪਣ ਦੀ ਤਿਆਰੀ ਦੱਸੀ ਜਾ ਰਹੀ ਹੈ। ਉਥੇ ਹੀ, 1196 ਸਫਾਈ ਕਰਮਚਾਰੀਆਂ ਦੀ ਪੱਕੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਵੀ ਕਈ ਰੁਕਾਵਟਾਂ ਸਾਹਮਣੇ ਆ ਰਹੀਆਂ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਯੂਨੀਅਨ ਦੀ ਹੜਤਾਲ ਕਿੰਨੀ ਲੰਮੀ ਖਿੱਚਦੀ ਹੈ ਅਤੇ ਇਸ ਦੌਰਾਨ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਕਿੰਨੀ ਗੰਭੀਰ ਹੁੰਦੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸਥਿਤੀ ਦਾ ਅਸਰ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ’ਤੇ ਕਿਸ ਰੂਪ ਵਿਚ ਪੈਂਦਾ ਹੈ, ਇਹ ਦੇਖਣਾ ਮਹੱਤਵਪੂਰਨ ਹੋਵੇਗਾ।

