The dead body found on the day of Lohri revealed the mystery, Maqboolpura police solved the case in 10 days
ਲੋਹੜੀ ਵਾਲੇ ਦਿਨ ਮਿਲੀ ਲਾਸ਼ ਨੇ ਖੋਲ੍ਹਿਆ ਭੇਦ, ਮਕਬੂਲਪੁਰਾ ਪੁਲਿਸ ਨੇ 10 ਦਿਨਾਂ ਵਿੱਚ ਅੰਨ੍ਹਾ ਕਤਲ ਕੇਸ ਸੁਲਝਾਇਆ

ਲੋਹੜੀ ਦੇ ਤਿਉਹਾਰ ਵਾਲੇ ਦਿਨ, 13 ਜਨਵਰੀ 2026 ਨੂੰ, ਥਾਣਾ ਮਕਬੂਲਪੁਰਾ ਪੁਲਿਸ ਨੂੰ ਸੂਚਨਾ ਮਿਲੀ ਕਿ ਅਲਫਾ ਵਨ ਮਾਲ ਦੇ ਸਾਹਮਣੇ ਇੱਕ ਅਣਪਛਾਤੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਦੇ ਹੀ ਐੱਸਐਚਓ ਮਕਬੂਲਪੁਰਾ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਮੌਕੇ ਦੀ ਜਾਂਚ ਦੌਰਾਨ ਲਾਸ਼ ‘ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਕੁਦਰਤੀ ਮੌਤ ਨਹੀਂ, ਸਗੋਂ ਕਤਲ ਦਾ ਮਾਮਲਾ ਹੈ। ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਐਫਆਈਆਰ ਨੰਬਰ 93/26 ਧਾਰਾ 103 ਬੀਐਨਐੱਸ ਤਹਿਤ ਦਰਜ ਕੀਤੀ ਗਈ ਅਤੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ।
ਪੁਲਿਸ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਅਤੇ 72 ਘੰਟਿਆਂ ਤੱਕ ਉਡੀਕ ਕੀਤੀ ਗਈ, ਪਰ ਜਦੋਂ ਕਿਸੇ ਵੱਲੋਂ ਵੀ ਲਾਸ਼ ਦੀ ਪਛਾਣ ਨਹੀਂ ਕੀਤੀ ਗਈ ਤਾਂ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਦੀ ਸ਼ਕਲ-ਸੂਰਤ ਦੇ ਆਧਾਰ ‘ਤੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਹੋਰ ਸੂਬਿਆਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਪਰਵਾਨੂ (ਹਿਮਾਚਲ ਪ੍ਰਦੇਸ਼) ਥਾਣੇ ਵਿੱਚ ਇੱਕ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਹੈ। ਫੋਟੋਆਂ ਮਿਲਾਉਣ ‘ਤੇ ਪੁਸ਼ਟੀ ਹੋਈ ਕਿ ਮ੍ਰਿਤਕ ਪੱਪੀ ਵਿਜੈ ਪੁੱਤਰ ਮੱਲਾ ਰਾਮ ਹੈ।
ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਅੰਮ੍ਰਿਤਸਰ ਬੁਲਾਇਆ, ਜਿਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ। ਕਮਿਸ਼ਨਰ ਆਫ਼ ਪੁਲਿਸ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਅਤੇ ਟੈਕਨੀਕਲ ਸਬੂਤਾਂ ਦੀ ਮਦਦ ਨਾਲ ਜਾਂਚ ਅੱਗੇ ਵਧਾਈ। ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਦੇ ਨਾਲ ਘਟਨਾ ਤੋਂ ਕੁਝ ਸਮਾਂ ਪਹਿਲਾਂ ਤਿੰਨ ਨੌਜਵਾਨ ਸਨ। ਉਨ੍ਹਾਂ ਨੂੰ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਤਲ ਦੀ ਕਬੂਲੋਕਾਰ ਕੀਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ (36 ਸਾਲ), ਗੁਰਭੇਜ ਸਿੰਘ (20 ਸਾਲ) ਅਤੇ ਵਿਸ਼ਾਲ ਉਰਫ਼ ਮੰਨਾ (20 ਸਾਲ) ਵਜੋਂ ਹੋਈ ਹੈ। ਪੁਲਿਸ ਅਨੁਸਾਰ, ਤਿੰਨਾਂ ਨੇ 56 ਹਜ਼ਾਰ ਰੁਪਏ ਲੁੱਟਣ ਦੀ ਨੀਅਤ ਨਾਲ ਪੱਪੀ ਵਿਜੈ ‘ਤੇ ਲੱਕੜੀ ਦੇ ਡੰਡੇ ਨਾਲ ਸਿਰ, ਪਿੱਠ ਅਤੇ ਪੇਟ ‘ਤੇ ਵਾਰ ਕਰਕੇ ਹੱਤਿਆ ਕਰ ਦਿੱਤੀ। ਕਤਲ ਵਿੱਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ ਹੈ। ਅਦਾਲਤ ਵੱਲੋਂ ਮਿਲੇ ਰਿਮਾਂਡ ਮਗਰੋਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਅਜਿਹੇ ਅਪਰਾਧਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
