There will be a big change in Ram Mandir Trust, it will pay the salary of the CEO itself to protect it from government interference
ਰਾਮ ਮੰਦਰ ਟਰੱਸਟ ’ਚ ਹੋਵੇਗਾ ਵੱਡਾ ਬਦਲਾਅ, ਸਰਕਾਰੀ ਦਖਲ ਤੋਂ ਬਚਾਉਣ ਲਈ CEO ਨੂੰ ਖੁਦ ਦੇਵੇਗਾ ਤਨਖਾਹ
ਅਯੁੱਧਿਆ, (ਆਵਾਜ਼ਿ ਕੌਮ ਬਿਊਰੋ)-ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਨਾਲ ਪੂਰੇ ਦੇਸ਼ ’ਚ ਉੱਠੇ ਸਵਾਲਾਂ ਵਿਚਾਲੇ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਹੁਣ ਆਪਣੀ ਕਾਰਜਪ੍ਰਣਾਲੀ ’ਚ ਵੱਡੇ ਬਦਲਾਅ ਦੀ ਤਿਆਰੀ ’ਚ ਜੁੱਟ ਗਿਆ ਹੈ। ਮੰਦਰ ਦੇ ਪ੍ਰਸ਼ਾਸਨਿਕ ਅਤੇ ਵਿੱਤੀ ਕੰਮਕਾਜ ਨੂੰ ਜ਼ਿਆਦਾ ਪਾਰਦਰਸ਼ੀ, ਜਵਾਬਦੇਹ ਅਤੇ ਪੇਸ਼ੇਵਰ ਬਣਾਉਣ ਲਈ ਟਰੱਸਟ ਪਹਿਲੀ ਵਾਰ ਕੁੱਲ-ਵਕਤੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕਰੇਗਾ। ਖਾਸ ਗੱਲ ਇਹ ਹੈ ਕਿ ਸੀ. ਈ. ਓ. ਦੀ ਤਨਖਾਹ ਟਰੱਸਟ ਖੁਦ ਦੇਵੇਗਾ, ਤਾਂ ਜੋ ਮੰਦਰ ਦੇ ਸੰਚਾਲਨ ’ਚ ਕਿਸੇ ਤਰ੍ਹਾਂ ਦੇ ਸਰਕਾਰੀ ਦਖਲ ਦੀ ਗੁੰਜਾਇਸ਼ ਨਾ ਰਹੇ। ਸੂਤਰਾਂ ਅਨੁਸਾਰ, 22 ਜੁਲਾਈ ਨੂੰ ਪ੍ਰਸਤਾਵਿਤ ਟਰੱਸਟ ਦੀ ਬੈਠਕ ’ਚ ਚੋਣ ਕਮੇਟੀ ਵੱਲੋਂ ਸੁਝਾਏ ਗਏ 3 ਨਾਵਾਂ ਦੇ ਪੈਨਲ ’ਤੇ ਵਿਚਾਰ ਕੀਤਾ ਜਾਵੇਗਾ। ਚਰਚਾ ਤੋਂ ਬਾਅਦ ਨਵੇਂ ਸੀ. ਈ. ਓ. ਦੇ ਨਾਂ ਦਾ ਐਲਾਨ ਸੰਭਵ ਹੈ। ਇਸੇ ਬੈਠਕ ’ਚ ਟਰੱਸਟ ਦੇ ਉਪਨਿਯਮਾਂ ’ਚ ਸੋਧ, ਪ੍ਰਸ਼ਾਸਨਿਕ ਢਾਂਚੇ ’ਚ ਬਦਲਾਅ ਅਤੇ ਕੁਝ ਖਾਲੀ ਟਰੱਸਟੀ ਅਹੁਦਿਆਂ ’ਤੇ ਨਿਯੁਕਤੀ ਦੇ ਪ੍ਰਸਤਾਵ ਵੀ ਰੱਖੇ ਜਾ ਸਕਦੇ ਹਨ। ਰਾਮ ਮੰਦਰ ’ਚ ਟਰੱਸਟ 3 ਸਾਲ ਦੇ ਕਾਰਜਕਾਲ ਲਈ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਅਹੁਦੇ ’ਤੇ ਸੇਵਾ-ਮੁਕਤ ਆਈ. ਏ. ਐੱਸ. ਅਧਿਕਾਰੀ ਨੂੰ ਨਿਯੁਕਤ ਕਰੇਗਾ। ਉਮੀਦਵਾਰ ਲਈ ਕਿਸੇ ਵੱਕਾਰੀ ਸੰਸਥਾਨ ’ਚ ਘੱਟੋ-ਘੱਟ 20 ਸਾਲ ਦਾ ਪ੍ਰਸ਼ਾਸਨਿਕ ਅਨੁਭਵ, ਗ੍ਰੈਜੂਏਸ਼ਨ ਦੀ ਯੋਗਤਾ ਅਤੇ ਅਯੁੱਧਿਆ ’ਚ ਰਹਿ ਕੇ ਕੰਮ ਕਰਨ ਦੀ ਸ਼ਰਤ ਰੱਖੀ ਗਈ ਹੈ। ਚੜ੍ਹਾਵਾ ਚੋਰੀ ਮਾਮਲੇ ਦੀ ਐੱਸ. ਆਈ. ਟੀ. ਦੀ ਸ਼ੁਰੂਆਤੀ ਰਿਪੋਰਟ ’ਚ ਪ੍ਰਸ਼ਾਸਨਿਕ ਪੱਧਰ ’ਤੇ ਵਰਤੀ ਗਈ ਲਾਪ੍ਰਵਾਹੀ ਅਤੇ ਜਵਾਬਦੇਹੀ ਦੀ ਕਮੀ ਦਾ ਜ਼ਿਕਰ ਹੋਣ ਤੋਂ ਬਾਅਦ ਟਰੱਸਟ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਹੋਏ ਹਨ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਟਰੱਸਟ ਦੇ ਮੁੜਗਠਨ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਤੇਜ਼ ਕਰ ਦਿੱਤੀ ਹੈ। ਇਸੇ ਪਿਛੋਕੜ ’ਚ ਟਰੱਸਟ ਹੁਣ ਫੈਸਲਾ ਪ੍ਰਕਿਰਿਆ ਨੂੰ ਸੰਸਥਾਗਤ ਬਣਾਉਣ ਅਤੇ ਕਿਸੇ ਇਕ ਵਿਅਕਤੀ ਦੇ ਪ੍ਰਭਾਵ ਨੂੰ ਸੀਮਤ ਕਰਨ ਦੀ ਦਿਸ਼ਾ ’ਚ ਕਦਮ ਵਧਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਅਤੇ ਸੀਨੀਅਰ ਐਡਵੋਕੇਟ ਕੇ. ਪਰਾਸ਼ਰਨ ਵਿਚਾਲੇ ਇਸ ਵਿਸ਼ੇ ’ਤੇ ਵਿਸਥਾਰਪੂਰਵਕ ਚਰਚਾ ਹੋਈ ਹੈ। ਸਾਲ 2020 ’ਚ ਸੁਪਰੀਮ ਕੋਰਟ ਦੇ ਹੁਕਮ ’ਤੇ ਗਠਿਤ ਟਰੱਸਟ ਦੇ ਉਪਨਿਯਮ ਤਿਆਰ ਕਰਨ ’ਚ ਵੀ ਪਰਾਸ਼ਰਨ ਦੀ ਅਹਿਮ ਭੂਮਿਕਾ ਰਹੀ ਸੀ। 6 ਜੁਲਾਈ ਨੂੰ ਟਰੱਸਟ ਨੇ ਸੀ. ਈ. ਓ. ਦੀ ਚੋਣ ਲਈ ਸੇਵਾ-ਮੁਕਤ ਚੀਫ ਜਸਟਿਸ ਪ੍ਰਮੋਦ ਕੋਹਲੀ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਵਿਸ਼ਨੂੰਕਾਂਤ ਚਤੁਰਵੇਦੀ ਅਤੇ ਸੁਰੇਸ਼ ਹਾਵੜੇ ਦੀ 3 ਮੈਂਬਰੀ ਕਮੇਟੀ ਗਠਿਤ ਕੀਤੀ ਸੀ, ਜੋ 3 ਨਾਵਾਂ ਦਾ ਪੈਨਲ ਟਰੱਸਟ ਨੂੰ ਸੌਂਪੇਗੀ।

