Those who eat ‘Karare Laddu’ should be careful! Even the health department who went to raid was shocked
‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ ਉੱਡੇ ਹੋਸ਼
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਖੱਟੇ ਵਾਲੇ ਕਰਾਰੇ ਲੱਡੂ ਖਾਣ ਵਾਲੇ ਸਾਵਧਾਨ ਹੋ ਜਾਣ! ਅੰਮ੍ਰਿਤਸਰ ’ਚ ਸਿਹਤ ਵਿਭਾਗ ਦੀ ਟੀਮ ਨੇ ਅਮਰਕੋਟ ਇਲਾਕੇ ’ਚ ਅਜਿਹੀ ਲੱਡੂ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਕਥਿਤ ਤੌਰ ’ਤੇ ਗੰਦਗੀ ਭਰੇ ਮਾਹੌਲ ’ਚ ਲੱਡੂ ਤਿਆਰ ਕੀਤੇ ਜਾ ਰਹੇ ਸਨ। ਮੌਕੇ ’ਤੇ ਗੰਦੇ ਤੇਲ ’ਚ ਲੱਡੂ ਤਲਦੇ ਹੋਏ ਮਿਲੇ, ਜਦਕਿ ਆਲੇ-ਦੁਆਲੇ ਮੱਖੀਆਂ ਭਿਣਭਿਣਾ ਰਹੀਆਂ ਸਨ। ਲੱਡੂ ਬਣਾਉਣ ਵਾਲੇ ਕਾਰੀਗਰਾਂ ਦੇ ਮੈਡੀਕਲ ਤੱਕ ਨਹੀਂ ਹੋਏ ਸਨ। ਸਭ ਤੋਂ ਵੱਡੀ ਗੱਲ ਇਹ ਕਿ ਉਕਤ ਯੂਨਿਟ ਕੋਲ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਲੋੜੀਂਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਵੀ ਨਹੀਂ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਜ਼ਿਲਾ ਸਿਹਤ ਅਧਿਕਾਰੀ-ਕਮ-ਡੈਜ਼ੀਗਨੇਟਿਡ ਅਫਸਰ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰਟੌਲ ਨੇ ਫੂਡ ਸੇਫਟੀ ਅਫਸਰ (ਅੰਮ੍ਰਿਤਸਰ-2) ਸਿਮਰਨਜੀਤ ਸਿੰਘ ਗਿੱਲ ਸਮੇਤ ਟੀਮ ਬਣਾਈ ਅਤੇ ਸੁੰਦਰ ਨਗਰ ’ਚ ਅਚਨਚੇਤ ਚੈਕਿੰਗ ਕੀਤੀ। ਟੀਮ ਜਦੋਂ ਲੱਡੂ ਤਿਆਰ ਕਰਨ ਵਾਲੀ ਥਾਂ ’ਤੇ ਪਹੁੰਚੀ ਤਾਂ ਉੱਥੋਂ ਦੇ ਹਾਲਾਤ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਵਿਭਾਗ ਮੁਤਾਬਕ ਝੁੱਗੀਆਂ-ਝੌਂਪੜੀਆਂ ਵਰਗੇ ਮਾਹੌਲ ’ਚ ਗੰਦੀਆਂ ਤਰਪਾਲਾਂ ਹੇਠਾਂ ਲੱਡੂ ਤਿਆਰ ਕੀਤੇ ਜਾ ਰਹੇ ਸਨ। ਕਾਰੀਗਰ ਪਸੀਨੇ ਨਾਲ ਭਿੱਜੇ ਕੱਪੜਿਆਂ ’ਚ ਲੱਡੂ ਬਣਾਉਣ ਦਾ ਕੰਮ ਕਰ ਰਹੇ ਸਨ। ਖਾਣ-ਪੀਣ ਵਾਲੀ ਵਸਤੂ ਤਿਆਰ ਕਰਨ ਵਾਲੀ ਥਾਂ ’ਤੇ ਸਫਾਈ ਦੇ ਲੋੜੀਂਦੇ ਪ੍ਰਬੰਧ ਨਜ਼ਰ ਨਹੀਂ ਆਏ। ਉੱਪਰੋਂ ਲੱਡੂ ਤਲਣ ਲਈ ਵਰਤੇ ਜਾ ਰਹੇ ਤੇਲ ਦੀ ਹਾਲਤ ਵੀ ਕਾਫੀ ਮਾੜੀ ਦੱਸੀ ਗਈ। ਮੌਕੇ ’ਤੇ ਮੱਖੀਆਂ ਭਿਣਭਿਣਾਉਂਦੀਆਂ ਨਜ਼ਰ ਆਈਆਂ ਅਤੇ ਸਫਾਈ ਦੇ ਮਾਪਦੰਡਾਂ ਦੀ ਪਾਲਣਾ ਨਾ ਹੋਣ ਦੀ ਗੱਲ ਸਾਹਮਣੇ ਆਈ। ਫੂਡ ਸੇਫਟੀ ਨਿਯਮਾਂ ਤਹਿਤ ਕਾਰੀਗਰਾਂ ਦੇ ਮੈਡੀਕਲ ਕਰਵਾਉਣ ਦੀ ਵੀ ਲੋੜ ਹੁੰਦੀ ਹੈ ਪਰ ਵਿਭਾਗ ਅਨੁਸਾਰ ਇੱਥੇ ਇਸ ਸਬੰਧੀ ਵੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਡਾਕਟਰ ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਯੂਨਿਟ ’ਚ ਤਿਆਰ ਹੋਣ ਵਾਲੇ ਲੱਡੂ ਕਥਿਤ ਤੌਰ ’ਤੇ ਸਿਰਫ਼ ਆਸ-ਪਾਸ ਦੇ ਇਲਾਕੇ ਤੱਕ ਸੀਮਤ ਨਹੀਂ ਸਨ, ਸਗੋਂ ਵੱਡੀ ਮਾਤਰਾ ’ਚ ਅੰਮ੍ਰਿਤਸਰ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ’ਚ ਸਪਲਾਈ ਕੀਤੇ ਜਾਂਦੇ ਸਨ। ਵਿਭਾਗ ਨੂੰ ਮਿਲੀ ਜਾਣਕਾਰੀ ਅਨੁਸਾਰ ਕਈ ਰੇਹੜੀ ਵਾਲੇ ਵੀ ਇੱਥੋਂ ਲੱਡੂ ਖਰੀਦ ਕੇ ਅੱਗੇ ਵੇਚਦੇ ਸਨ। ਇਸ ਖੁਲਾਸੇ ਤੋਂ ਬਾਅਦ ਲੱਡੂਆਂ ਦੀ ਸਪਲਾਈ ਚੇਨ ਵੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਡਾ. ਰਟੌਲ ਅਨੁਸਾਰ ਚੈਕਿੰਗ ਦੌਰਾਨ ਪਤਾ ਲੱਗਾ ਕਿ ਫੈਕਟਰੀ ’ਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਲੋੜੀਂਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨਹੀਂ ਸੀ। ਵਿਭਾਗ ਵੱਲੋਂ ਫੈਕਟਰੀ ਦੇ ਦੋ ਚਲਾਨ ਕੀਤੇ ਗਏ ਹਨ ਅਤੇ ਸਖ਼ਤ ਕਾਰਵਾਈ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਟੀਮ ਨੇ ਲੱਡੂਆਂ ਅਤੇ ਲੱਡੂ ਤਲਣ ਲਈ ਵਰਤੇ ਜਾ ਰਹੇ ਤੇਲ ਦੇ ਸੈਂਪਲ ਵੀ ਲਏ ਹਨ। ਇਨ੍ਹਾਂ ਨੂੰ ਜਾਂਚ ਲਈ ਲੈਬ ’ਚ ਭੇਜਿਆ ਜਾਵੇਗਾ। ਲੈਬ ਰਿਪੋਰਟ ਆਉਣ ਤੋਂ ਬਾਅਦ ਜੇਕਰ ਕਿਸੇ ਤਰ੍ਹਾਂ ਦੀ ਮਿਲਾਵਟ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਨੇ ਰਾਮ ਤੀਰਥ ਰੋਡ ਖੇਤਰ ’ਚ ਵੱਖ-ਵੱਖ ਫੂਡ ਬਿਜ਼ਨਸ ਆਪ੍ਰੇਟਰਾਂ ਤੋਂ ਬ੍ਰੈੱਡ ਰਸਕ, ਮਿਕਸਡ ਦੁੱਧ, ਪਨੀਰ ਅਤੇ ਦੇਸੀ ਘਿਓ ਦੇ 5 ਇਨਫੋਰਸਮੈਂਟ ਸੈਂਪਲ ਲਏ। ਇਹ ਸੈਂਪਲ ਜਾਂਚ ਲਈ ਸਟੇਟ ਫੂਡ ਲੈਬ, ਖਰੜ ਭੇਜੇ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵਡ ਤੋਂ ਮਿਡ-ਡੇ-ਮੀਲ ਦੇ 3 ਸੈਂਪਲ ਵੀ ਸੀਲ ਕੀਤੇ ਗਏ। ਇਨ੍ਹਾਂ ’ਚ ਕਣਕ ਦਾ ਆਟਾ, ਤਿਆਰ ਚੌਲ ਅਤੇ ਰਾਜਮਾਹ ਸ਼ਾਮਲ ਹਨ। ਡਾ. ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ’ਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਸੈਂਪਲਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨ ਅਨੁਸਾਰ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਲੱਡੂ ਅਤੇ ਤੇਲ ਦੇ ਸੈਂਪਲਾਂ ਦੀ ਲੈਬ ਰਿਪੋਰਟ ’ਤੇ ਟਿਕੀਆਂ ਹੋਈਆਂ ਹਨ। ਰਿਪੋਰਟ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਲੋਕਾਂ ਦੀ ਸਿਹਤ ਨਾਲ ਕਥਿਤ ਤੌਰ ’ਤੇ ਕਿੰਨਾ ਵੱਡਾ ਖਿਲਵਾੜ ਕੀਤਾ ਜਾ ਰਿਹਾ ਸੀ। ਜ਼ਿਲਾ ਸਿਹਤ ਅਧਿਕਾਰੀ ਡਾਕਟਰ ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ ਦੇ ਨਾਲ ਮਿਲ ਕੇ ਹੈਰੀਟੇਜ ਕਲੱਬ ਦੀ ਕੰਟੀਨ ’ਚ ਚੈਕਿੰਗ ਕੀਤੀ ਗਈ, ਇਸ ਦੌਰਾਨ ਉਥੋਂ ਗੰਦਗੀ ਦੇਖਣ ਨੂੰ ਮਿਲੀ ਜਿਸ ਸਬੰਧੀ ਸੈਨੀਟੇਸ਼ਨ ਦਾ ਚਲਾਨ ਕੱਟਿਆ ਗਿਆ। ਇਸ ਤੋਂ ਇਲਾਵਾ ਹਰੀ ਚਟਨੀ ਦਾ ਸੈਂਪਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਾਣੀ ਖੜ੍ਹਾ ਸੀ ਅਤੇ ਕੰਟੀਨ ’ਚ ਗੰਦਗੀ ਵੀ ਵੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਹੈਰੀਟੇਜ ਕਲੱਬ ’ਚ ਕਾਫ਼ੀ ਪ੍ਰਸਿੱਧ ਅਤੇ ਨਾਮੀ ਲੋਕ ਜਾਂਦੇ ਹਨ, ਉਪਰੋਕਤ ਜਗ੍ਹਾ ’ਤੇ ਅਜਿਹੀ ਗੰਦਗੀ ਮਿਲਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ।

