Those who stole AC pipes and wires arrested, junkyard also faces police hurdle
AC ਦੀਆਂ ਪਾਈਪਾਂ ਤੇ ਤਾਰਾਂ ਚੋਰੀ ਕਰਨ ਵਾਲੇ ਗ੍ਰਿਫ਼ਤਾਰ, ਕਬਾੜੀਆ ਵੀ ਚੜ੍ਹਿਆ ਪੁਲਸ ਅੜਿੱਕੇ
ਬਰਨਾਲਾ (ਆਵਾਜ਼ਿ ਕੌਮ ਬਿਊਰੋ)-ਬਰਨਾਲਾ ਦੇ ਥਾਣਾ ਸਿਟੀ-2 ਪੁਲਸ ਨੇ ਸ਼ਹਿਰ ਵਿਚ ਬਣ ਰਹੀਆਂ ਕੋਠੀਆਂ ਵਿਚੋਂ ਤਾਂਬੇ ਦੀਆਂ ਤਾਰਾਂ ਅਤੇ ਏ.ਸੀ. ਦੀਆਂ ਕਾਪਰ ਪਾਈਪਾਂ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਚੋਰੀ ਦਾ ਮਾਲ ਖਰੀਦਣ ਵਾਲਾ ਇਕ ਕਬਾੜੀਆ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ, ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਸੇਖਾ ਰੋਡ ਦੇ ਰਹਿਣ ਵਾਲੇ ਦੋ ਨੌਜਵਾਨਾਂ ਰਵੀ ਕੁਮਾਰ ਅਤੇ ਮੰਨੂ ਨੂੰ ਟਰੇਸ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਚੋਰੀ ਕੀਤੀਆਂ ਤਾਰਾਂ ਨੂੰ ਸੀਤਾ ਰਾਮ ਨਾਂ ਦੇ ਕਬਾੜੀਏ ਨੂੰ ਵੇਚਦੇ ਸਨ, ਜਿਸ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 9 ਕਿੱਲੋ 800 ਗ੍ਰਾਮ ਸੜਿਆ ਹੋਇਆ ਤਾਂਬਾ ਅਤੇ ਸਾਢੇ 6 ਕਿੱਲੋ ਬਿਨਾਂ ਸੜੀਆਂ ਤਾਰਾਂ ਦੇ ਟੁਕੜੇ ਬਰਾਮਦ ਕੀਤੇ ਹਨ। ਗ੍ਰੀਨ ਐਵੇਨਿਊ ਕਾਲੋਨੀ ਵਿੱਚ ਕੋਠੀਆਂ ਬਣਾ ਰਹੇ ਕੁਲਦੀਪ ਸਿੰਘ ਅਤੇ ਜਗਦੀਪ ਸਿੰਘ ਦੀ ਸ਼ਿਕਾਇਤ ਅਨੁਸਾਰ ਚੋਰਾਂ ਨੇ ਨਿਰਮਾਣ ਅਧੀਨ ਕੋਠੀਆਂ ਦੇ ਫਰਸ਼ ਅਤੇ ਡਾਊਨ ਸੀਲਿੰਗ ਨੂੰ ਪੁੱਟ ਕੇ ਲੱਖਾਂ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਸੀ ਅਤੇ ਉੱਥੋਂ ਬਿਜਲੀ ਦੀਆਂ ਤਾਰਾਂ ਤੇ ਕਾਪਰ ਪਾਈਪਾਂ ਚੋਰੀ ਕਰ ਲਈਆਂ ਸਨ। ਐੱਸ.ਐੱਚ.ਓ. ਚਰਨਜੀਤ ਸਿੰਘ ਅਨੁਸਾਰ ਫੜੇ ਗਏ ਮੁਲਜ਼ਮ ਰਵੀ ਕੁਮਾਰ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਐਕਸਾਈਜ਼ ਐਕਟ ਦੇ ਦੋ ਮਾਮਲੇ ਦਰਜ ਹਨ। ਪੁਲਸ ਮੁਲਜ਼ਮਾਂ ਦਾ ਮੈਡੀਕਲ ਕਰਵਾ ਰਹੀ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਚੋਰੀਆਂ ਅਤੇ ਉਨ੍ਹਾਂ ਦੇ ਪੂਰੇ ਨੈੱਟਵਰਕ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਸਕੇ।

