To receive the blessings of the Almighty, it is essential to stay connected to the Guru, says Singh Sahib Giani Jasvir Singh Rode.
‘ਪ੍ਰਮਾਤਮਾ ਦੀਆਂ ਬਰਕਤਾਂ ਲਈ ਗੁਰੂ ਦੇ ਲੜ ਲੱਗਣਾ ਜ਼ਰੂਰੀ’– ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ

12 ਦਸੰਬਰ 2025, ਫਿਰੋਜ਼ਪੁਰ –ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਦੇ 350 ਸਾਲਾ ਇਤਿਹਾਸਕ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅੱਜ ਇਥੇ ਗੁਰਦੁਆਰਾ ਸਾਹਿਬ ਪਿੰਡ ਅਰਾਈਆਂ ਵਾਲਾ ਖੁਰਦ ਤੋਂ ਅਰਦਾਸ ਕਰਕੇ ਸਜਾਇਆ ਗਿਆ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਜੀ ਰੋਡੇ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਵੀ ਹਨ, ਦੇ ਸੁਯੋਗ ਪ੍ਰਬੰਧਾਂ ਹੇਠ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਉਣ ਲਈ ਸ਼ਹੀਦੀ ਸਤਾਬਦੀ ਨੂੰ ਸਮਰਪਤ ਜੋ 40 ਨਗਰ ਕੀਰਤਨ ਸਜਾਏ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ 31ਵਾਂ ਨਗਰ ਕੀਰਤਨ ਫਿਰੋਜ਼ਪੁਰ ਜਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਸਜਾਇਆ ਗਿਆ। ਜਿਸ ਦੀ ਆਰੰਭਤਾ ਸਵੇਰੇ ਪਿੰਡ ਅਰਾਈਆਂ ਵਾਲਾ ਖੁਰਦ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਹੋਈ, ਇਹ ਨਗਰ ਕੀਰਤਨ ਪਿੰਡ ਕਿੱਲੀ ਬੁੱਟਰ, ਝੋਕ ਸਰਕਾਰੀ, ਕਾਊਣੀ, ਦੀਪ ਸਿੰਘ ਵਾਲਾ, ਕਾਨਿਆ ਵਾਲੀ (ਖੁਰਦ), ਸ਼ਰੀਂਹ ਵਾਲਾ ਬਰਾੜ ਆਦਿ ਪਿੰਡਾਂ ਰਾਹੀਂ ਹੁੰਦਾ ਹੋਇਆ ਪਿੰਡ ਕਾਹਨ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਸਮਾਪਤ ਹੋਇਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਗੁਰਸਾਹਿਬਾਨ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ। ਉਨ੍ਹਾਂ ਕਿਹਾ ਕਿ ਪੰਡਤ ਕ੍ਰਿਪਾ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹਿੰਦੂ ਧਰਮ ਬਚਾਉਣ ਲਈ ਕੀਤੀ ਗਈ ਅਰਜੋਈ ਸੁਣ ਕੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪੁੱਜੇ ਤਾਂ ਔਰੰਗਜ਼ੇਬ ਵੱਲੋਂ ਉਨ੍ਹਾਂ ਨੂੰ ਵੱਡੇ-ਵੱਡੇ ਲਾਲਚ ਦਿਤੇ ਗਏ ਤੇ ਹਿੰਦ ਦਾ ਪੀਰ ਐਲਾਨਣ ਬਾਰੇ ਵੀ ਕਿਹਾ ਗਿਆ, ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀ ਆਪਣੇ ਧਰਮ ਵਿੱਚ ਪੱਕੇ ਰਹੋ ਤੇ ਹੋਰਨਾਂ ਨੂੰ ਉਨ੍ਹਾਂ ਦੇ ਧਰਮ ਵਿੱਚ ਪੱਕਾ ਰਹਿਣ ਦਿਓ। ਸਿੰਘ ਸਾਹਿਬ ਨੇ ਸੰਗਤਾਂ ਨੂੰ ਕਿਹਾ ਕਿ ਪ੍ਰਮਾਤਮਾ ਦੀਆਂ ਬਰਕਤਾਂ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਦੇ ਲੜ ਲੱਗਣਾ ਜਰੂਰੀ ਹੈ, ਸਾਨੂੰ ਆਪਣੇ ਅਕੀਦਿਆਂ ਤੋਂ ਪਿਛੇ ਨਹੀਂ ਹਟਣਾ ਚਾਹੀਦਾ। ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸਾਹ ਸੀ ਅਤੇ ਥਾਂ-ਥਾਂ ‘ਤੇ ਸੰਗਤਾਂ ਵੱਲੋਂ ਸਵਾਗਤੀ ਗੇਟ ਬਣਾਏ ਗਏ, ਨਗਰ ਕੀਰਤਨ ‘ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਪੰਜ ਪਿਆਰਿਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੀ ਸਾਖੀ ਨੂੰ ਸੰਗਤਾਂ ਨੇ ਬਹੁਤ ਵੈਰਾਗਮਈ ਢੰਗ ਨਾਲ ਸਰਵਣ ਕੀਤਾ। ਸੰਗਤਾਂ ਨੂੰ ਸਿੱਖੀ ਕੇਸਾਂ ਸਵਾਸਾਂ ਸਮੇਤ ਰੱਖਣ ਦੀਆਂ ਬੇਨਤੀਆਂ ਕੀਤੀਆਂ ਗਈਆਂ, ਸੰਗਤਾਂ ਨੂੰ ਬਾਣੀ ਪੜਨ ਲਈ ਨਿਯਮ ਦ੍ਰਿੜ ਕਰਵਾਏ ਗਏ ਤੇ ਹੱਥ ਖੜ੍ਹੇ ਕਰਵਾਕੇ ਜੈਕਾਰੇ ਗੂੰਜਾਏ ਗਏ ਕਿ ਅਸੀਂ ਅੱਜ ਤੋਂ ਘੱਟੋ ਘੱਟ ਇੱਕ ਮਹੀਨੇ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਹਰ ਪਰਿਵਾਰ ਦਾ ‘ਕੱਲਾ-‘ਕੱਲਾ ਜੀਅ ਘੱਟੋ-ਘੱਟ ਇੱਕ ਪਾਠ ਜਪੁਜੀ ਸਾਹਿਬ ਦਾ ਸੰਪੂਰਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੇਗਾ ਕਿ ਸਤਿਗੁਰੂ ਸਾਡੇ ਘਰਾਂ ਵਿੱਚ ਸਿੱਖੀ ਸਿਦਕ ਬਖਸ਼ਣ, ਸਾਡੇ ਪਰਿਵਾਰ ਨਸ਼ਿਆਂ ਤੋਂ ਰਹਿਤ ਰਹਿਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ, ਮੜੀਆਂ ਮਸਾਣੀਆਂ ਦਾ ਤਿਆਗ ਕਰਕੇ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਹੋਣ। ਇਸ ਮੌਕੇ ਭਾਈ ਸੁਖਦੇਵ ਸਿੰਘ ਵਡਾਲਾ, ਭਾਈ ਜਸਕਰਣ ਸਿੰਘ ਕਾਹਨ ਸਿੰਘ ਵਾਲਾ, ਭਾਈ ਸੂਬਾ ਸਿੰਘ ਸਰਪੰਚ, ਭਾਈ ਗੁਰਸੇਵਕ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਗੁਰਮੀਤ ਸਿੰਘ ਪ੍ਰਧਾਨ ਰੋਡੇ, ਗਿਆਨੀ ਬਾਬਾ ਬਲਵਿੰਦਰ ਸਿੰਘ, ਭਾਈ ਜਗਸੀਰ ਸਿੰਘ ਰੋਡੇ, ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲੇ, ਬਾਬਾ ਸੱਜਣ ਸਿੰਘ, ਬਾਬਾ ਸਤਨਾਮ ਸਿੰਘ ਵੱਲੀਆ, ਭਾਈ ਜੋਗਿੰਦਰ ਸਿੰਘ ਸ਼ਾਮ ਸਿੰਘ ਵਾਲਾ, ਭਾਈ ਮਲਕੀਤ ਸਿੰਘ ਸ਼ਾਮ ਸਿੰਘ ਵਾਲਾ, ਗਿਆਨੀ ਸੁਖਜਿੰਦਰ ਸਿੰਘ ਹਰਦਿਆਲੇਆਣਾ, ਭਾਈ ਪਿੱਪਲ ਸਿੰਘ ਜਿਲ੍ਹਾ ਪ੍ਰਧਾਨ ਫਿਰੋਜਪੁਰ ਤੇ ਹੋਰ ਆਗੂਆਂ ਸਮੇਤ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਗਏ ਨਗਰ ਕੀਰਤਨ ਦੌਰਾਨ ਮੌਜੂਦ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰ ਸ਼ਖਸੀਅਤਾਂ।
