ਗੁਰੂ ਨਾਨਕ ਗੁਰਦੁਆਰੇ ਵਿੱਚ ਭਾਈ ਕਪਤਾਨ ਸਿੰਘ ‘ਤੇ ਹਮਲੇ ਦੀ ਟਰੱਸਟੀਜ਼ ਵੱਲੋਂ ਤੀਖੀ ਨਿੰਦਾ

ਵੁਲਵਰਹੈਮਪਟਨ, 3 ਅਕਤੂਬਰ (ਖ਼ਾਸ ਰਿਪੋਰਟ) – ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟ੍ਰੀਟ, ਵੁਲਵਰਹੈਮਪਟਨ ਦੇ ਟਰੱਸਟੀਜ਼ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ 14 ਸਤੰਬਰ 2025 ਨੂੰ ਗੁਰਦੁਆਰੇ ਅੰਦਰ ਪੰਥਕ ਆਗੂ ਭਾਈ ਕਪਤਾਨ ਸਿੰਘ ਜੀ ‘ਤੇ ਕੀਤਾ ਗਿਆ ਕਾਇਰਾਨਾ ਹਮਲਾ ਨਾ ਸਿਰਫ਼ ਨਿੰਦਨਯੋਗ ਹੈ, ਸਗੋਂ ਗੁਰੂਘਰ ਦੀ ਪਵਿੱਤਰ ਮਰਯਾਦਾ ਦੀ ਘੋਰ ਉਲੰਘਣਾ ਹੈ।
ਟਰੱਸਟੀਜ਼ ਨੇ ਕੜੇ ਸ਼ਬਦਾਂ ਵਿੱਚ ਕਿਹਾ ਕਿ ਇਹ ਹਮਲਾ ਸਿੱਖ ਕੌਮ ਦੀ ਇਜ਼ਤ, ਏਕਤਾ ਅਤੇ ਗੁਰਮਰਯਾਦਾ ‘ਤੇ ਸਿੱਧਾ ਹਮਲਾ ਹੈ। ਦੁੱਖ ਦੀ ਗੱਲ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਹੁਣ ਤੱਕ ਕੋਈ ਵੀ ਗੰਭੀਰ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਸੰਗਤ ਦੇ ਮਨ ਵਿੱਚ ਭਾਰੀ ਰੋਸ ਪੈਦਾ ਹੋਇਆ ਹੈ।
ਉਨ੍ਹਾਂ ਨੇ ਯਾਦ ਦਿਵਾਇਆ ਕਿ 28 ਸਤੰਬਰ ਨੂੰ ਹੋਏ ਵੱਡੇ ਪੰਥਕ ਸੰਮੇਲਨ ਵਿੱਚ ਵੀ ਇਸ ਹਮਲੇ ਨੂੰ ਸਿੱਖ ਕੌਮ ਵਿਰੁੱਧ ਇਕ ਸੋਚੀ-ਸਮਝੀ ਸਾਜ਼ਿਸ਼ ਦੱਸਿਆ ਗਿਆ ਸੀ ਅਤੇ ਸਪਸ਼ਟ ਮੰਗ ਕੀਤੀ ਗਈ ਸੀ ਕਿ ਜ਼ਿੰਮੇਵਾਰਾਂ ਨੂੰ ਬੇਨਕਾਬ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਟਰੱਸਟੀਜ਼ ਨੇ ਚੇਤਾਵਨੀ ਦਿੱਤੀ ਕਿ ਗੁਰੂ ਨਾਨਕ ਦੇ ਘਰ ਵਿੱਚ ਹਿੰਸਾ ਅਤੇ ਗੁੰਡਾਗਰਦੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਬੰਧਕ ਕਮੇਟੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਗਿਆ ਕਿ ਉਹ ਤੁਰੰਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਕਿਸੇ ਨੂੰ ਵੀ ਗੁਰੂਘਰ ਦੀ ਪਵਿੱਤਰਤਾ ਨਾਲ ਖਿਲਵਾਰ ਕਰਨ ਦੀ ਹਿੰਮਤ ਨਾ ਹੋਵੇ।
ਅੰਤ ਵਿੱਚ ਸਾਰੀ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂਘਰ ਦੀ ਮਰਯਾਦਾ ਦੀ ਰੱਖਿਆ, ਪੰਥਕ ਏਕਤਾ ਅਤੇ ਸ਼ਾਂਤੀ ਲਈ ਇਕਜੁੱਟ ਹੋ ਕੇ ਖੜ੍ਹੇ ਹੋਣ।