Two masked men fired 15 rounds outside a café; sensation grips Delhi.
ਕੈਫੇ ਦੇ ਬਾਹਰ 2 ਨਕਾਬਪੋਸ਼ਾਂ ਨੇ ਚਲਾਈਆਂ 15 ਗੋਲੀਆਂ, ਦਿੱਲੀ ‘ਚ ਮਚੀ ਸਨਸਨੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਪੂਰਬੀ ਦਿੱਲੀ ਦੇ ਕੜਕੜਡੂਮਾ ਕਮਿਊਨਿਟੀ ਸੈਂਟਰ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਕੈਫੇ ਦੇ ਬਾਹਰ ਸਕੂਟਰ ’ਤੇ ਸਵਾਰ 2 ਨਕਾਬਪੋਸ਼ਾਂ ਨੇ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਦੀ ਇਸ ਘਟਨਾ ਕਾਰਨ 2 ਵਿਅਕਤੀ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮਾਮਲੇ ਦੀ ਜਾਂਚ ਦੌਰਾਨ ਪੁਲਸ ਅਨੁਸਾਰ ਹਮਲਾਵਰਾਂ ਨੇ ਲੱਗਭਗ 15 ਗੋਲੀਆਂ ਚਲਾਈਆਂ ਹਨ, ਜਿਸ ਦੀ ਜਾਂਚ ਜਾਰੀ ਹੈ। ਇਕ ਵਿਅਕਤੀ ਮੁਹੰਮਦ ਇਰਸ਼ਾਦ ਨੂੰ ਗੋਲੀ ਲੱਗਣ ਤੋਂ ਬਾਅਦ ਪਿਤਾ ਹੇਡਗੇਵਾਰ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਬੇਹਤਰ ਇਲਾਜ ਲਈ ਜੀ. ਟੀ. ਬੀ. ਹਸਪਤਾਲ ਤਬਦੀਲ ਕਰ ਦਿੱਤਾ ਗਿਆ। ਇਰਸ਼ਾਦ ਨੇ ਕਿਹਾ ਕਿ ਉਹ ਅਤੇ ਦੂਜਾ ਪੀੜਤ ਰਾਤ ਦੇਰ ਗਏ 1:30 ਵਜੇ ਦੇ ਕਰੀਬ ਕੈਫੇ ਤੋਂ ਬਾਹਰ ਨਿਕਲੇ ਹੀ ਸਨ ਕਿ ਇਕ ਸਕੂਟਰ ’ਤੇ ਸਵਾਰ 2 ਨਕਾਬਪੋਸ਼ਾਂ ਨੇ ਸਾਡੇ ’ਤੇ ਗੋਲੀ ਚਲਾ ਦਿੱਤੀ। ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਕ ਗੋਲੀ ਮੈਨੂੰ ਲੱਗੀ। ਪੁਲਸ ਨੇ ਕਿਹਾ ਕਿ ਦੂਜੇ ਜ਼ਖਮੀ ਦੀ ਪਛਾਣ ਅਫਸਰ ਵਜੋਂ ਹੋਈ ਹੈ, ਜੋ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਉਸ ਨੂੰ 4 ਗੋਲੀਆਂ ਲੱਗੀਆਂ। ਉਸ ਦੀ ਹਾਲਤ ਸਥਿਰ ਹੈ। ਇਰਸ਼ਾਦ ਪੁਰਾਣੇ ਸੀਲਮਪੁਰ ਦਾ ਵਾਸੀ ਹੈ।

